
ਅਮਰੀਕੀ ਖਿਡਾਰੀ ਵੇਸਲੀ ਸੋ ਨੂੰ 36 ਚਾਲਾਂ 'ਚ ਹਰਾਇਆ
Super United Rapid Chess title: ਭਾਰਤੀ ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੇ ਕ੍ਰੋਏਸ਼ੀਆ ਦੇ ਜ਼ਾਗਰੇਬ ਵਿੱਚ ਹੋ ਰਹੇ ਸੁਪਰਯੂਨਾਈਟਿਡ ਰੈਪਿਡ ਐਂਡ ਬਲਿਟਜ਼ ਟੂਰਨਾਮੈਂਟ ਵਿੱਚ ਰੈਪਿਡ ਖਿਤਾਬ ਜਿੱਤਿਆ ਹੈ। ਇਹ ਟੂਰਨਾਮੈਂਟ ਗ੍ਰੈਂਡ ਸ਼ਤਰੰਜ ਟੂਰ 2025 ਦਾ ਹਿੱਸਾ ਹੈ ਅਤੇ ਗੁਕੇਸ਼ ਨੇ ਰੈਪਿਡ ਫਾਰਮੈਟ ਵਿੱਚ 18 ਵਿੱਚੋਂ 14 ਅੰਕ ਹਾਸਲ ਕਰਕੇ ਖਿਤਾਬ ਜਿੱਤਿਆ।
ਗੁਕੇਸ਼ ਨੇ ਆਖਰੀ ਦੌਰ ਵਿੱਚ ਅਮਰੀਕੀ ਖਿਡਾਰੀ ਵੇਸਲੀ ਸੋ ਨੂੰ 36 ਚਾਲਾਂ ਵਿੱਚ ਹਰਾ ਕੇ ਰੈਪਿਡ ਖਿਤਾਬ ਜਿੱਤਿਆ। ਗੁਕੇਸ਼ ਨੇ ਟੂਰਨਾਮੈਂਟ ਵਿੱਚ 9 ਵਿੱਚੋਂ 6 ਮੈਚ ਜਿੱਤੇ, 2 ਡਰਾਅ ਰਹੇ ਅਤੇ ਇੱਕ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਗੁਕੇਸ਼ ਟੂਰਨਾਮੈਂਟ ਵਿੱਚ ਪਹਿਲਾ ਮੈਚ ਹਾਰ ਗਿਆ ਸੀ। ਗੁਕੇਸ਼ ਨੂੰ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਪੋਲੈਂਡ ਦੇ ਜਾਨ-ਕ੍ਰਿਸਟੋਫ ਡੂਡਾ ਨੇ 59 ਚਾਲਾਂ ਵਿੱਚ ਹਰਾਇਆ। ਇਸ ਤੋਂ ਬਾਅਦ ਗੁਕੇਸ਼ ਨੇ ਵਾਪਸੀ ਕੀਤੀ। ਉਸਨੇ ਫਰਾਂਸ ਦੇ ਅਲੀਰੇਜ਼ਾ ਫਿਰੋਜਾ ਅਤੇ ਭਾਰਤ ਦੇ ਪ੍ਰਗਿਆਨੰਧਾ ਨੂੰ ਹਰਾਇਆ।ਗੁਕੇਸ਼ ਨੇ ਟੂਰਨਾਮੈਂਟ ਦੇ ਚੌਥੇ ਦੌਰ ਵਿੱਚ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਨੂੰ ਅਤੇ ਪੰਜਵੇਂ ਦੌਰ ਵਿੱਚ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਹਰਾਇਆ।
ਛੇਵੇਂ ਦੌਰ ਵਿੱਚ, ਗੁਕੇਸ਼ ਦਾ ਸਾਹਮਣਾ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਹੋਇਆ, ਜਿਸ ਵਿੱਚ ਭਾਰਤੀ ਗ੍ਰੈਂਡਮਾਸਟਰ ਨੇ ਜਿੱਤ ਪ੍ਰਾਪਤ ਕੀਤੀ। ਗੁਕੇਸ਼ ਨੇ ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਕਾਰਲਸਨ ਨੂੰ ਹਰਾਇਆ ਹੈ। ਗੁਕੇਸ਼ ਨੇ 2 ਜੂਨ ਨੂੰ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਵੀ ਕਾਰਲਸਨ ਨੂੰ ਹਰਾਇਆ ਸੀ।