ਲੰਬੇ ਸਮੇਂ ਤੋਂ ਬਿਮਾਰ ਸਨ ਗ੍ਰਾਹਮ ਥੋਰਪ
Graham Thorpe: ਇੰਗਲੈਂਡ ਅਤੇ ਸਰੀ ਦੇ ਸਾਬਕਾ ਬੱਲੇਬਾਜ਼ ਗ੍ਰਾਹਮ ਥੋਰਪ ਦਾ 2022 ਤੋਂ ਗੰਭੀਰ ਬਿਮਾਰੀ ਨਾਲ ਜੂਝਣ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ 55 ਸਾਲ ਦੇ ਸਨ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਇਹ ਜਾਣਕਾਰੀ ਦਿਤੀ ।
ਇੰਗਲੈਂਡ ਲਈ 1993 ਤੋਂ 2005 ਤਕ 100 ਟੈਸਟ ਮੈਚ ਖੇਡਣ ਵਾਲੇ ਥੋਰਪ 2022 ’ਚ ਅਫਗਾਨਿਸਤਾਨ ਦਾ ਮੁੱਖ ਕੋਚ ਨਿਯੁਕਤ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋ ਗਏ ਸਨ ਪਰ ਉਨ੍ਹਾਂ ਦੀ ਮੈਡੀਕਲ ਸਥਿਤੀ ਦਾ ਵੇਰਵਾ ਨਹੀਂ ਮਿਲ ਸਕਿਆ ਹੈ।
ਉਹ ਅਪਣੇ ਪਿੱਛੇ ਪਤਨੀ ਅਮਾਂਡਾ ਅਤੇ ਚਾਰ ਬੱਚੇ ਹੈਨਰੀ, ਅਮੇਲੀਆ, ਕਿੱਟੀ ਅਤੇ ਐਮਾ ਛੱਡ ਗਏ ਹਨ। ਈ.ਸੀ.ਬੀ. ਨੇ ਬਿਆਨ ’ਚ ਕਿਹਾ, ‘‘ਗ੍ਰਾਹਮ ਥੋਰਪ ਦੇ ਦਿਹਾਂਤ ਦੀ ਖ਼ਬਰ ਨੂੰ ਬਹੁਤ ਦੁੱਖ ਨਾਲ ਸਾਂਝਾ ਕਰੇਗਾ।’’
ਬਿਆਨ ਅਨੁਸਾਰ, ‘‘ਗ੍ਰਾਹਮ ਦੇ ਦਿਹਾਂਤ ਨਾਲ ਅਸੀਂ ਜੋ ਡੂੰਘੇ ਸਦਮੇ ਮਹਿਸੂਸ ਕਰ ਰਹੇ ਹਾਂ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਇੰਗਲੈਂਡ ਦੇ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਇਕ ਹੋਣ ਤੋਂ ਇਲਾਵਾ, ਉਹ ਸਾਡੇ ਕ੍ਰਿਕਟ ਪਰਵਾਰ ਦਾ ਪਿਆਰਾ ਮੈਂਬਰ ਸੀ ਅਤੇ ਦੁਨੀਆਂ ਭਰ ਦੇ ਪ੍ਰਸ਼ੰਸਕਾਂ ਵਲੋਂ ਪ੍ਰਸ਼ੰਸਾ ਕੀਤੀ ਜਾਂਦੀ ਸੀ।’’ ਹਾਲਾਂਕਿ ਈ.ਸੀ.ਬੀ. ਨੇ ਉਸ ਦੀ ਮੌਤ ਦਾ ਕਾਰਨ ਨਹੀਂ ਦਸਿਆ ।
ਅਪਣੇ ਯੁੱਗ ਦੇ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਇਕ ਥੋਰਪ ਨੇ ਟੈਸਟ ਕ੍ਰਿਕਟ ਵਿਚ 44.66 ਦੀ ਔਸਤ ਨਾਲ 6744 ਦੌੜਾਂ ਬਣਾਈਆਂ, ਜਿਸ ਵਿਚ 16 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਇੰਗਲੈਂਡ ਲਈ 82 ਵਨਡੇ ਮੈਚ ਵੀ ਖੇਡੇ, ਜਿਸ ’ਚ ਉਸ ਨੇ 37.18 ਦੀ ਔਸਤ ਨਾਲ 2830 ਦੌੜਾਂ ਬਣਾਈਆਂ।
ਥੋਰਪ ਨੇ 1993 ’ਚ ਐਸ਼ੇਜ਼ ਸੀਰੀਜ਼ ’ਚ ਸੈਂਕੜਾ ਲਗਾ ਕੇ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 1995 ’ਚ ਆਸਟਰੇਲੀਆ ਦੌਰੇ ’ਤੇ ਪਰਥ ’ਚ ਸੈਂਕੜਾ ਵੀ ਲਗਾਇਆ ਸੀ।ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 2000-01 ਸੀਜ਼ਨ ਦੌਰਾਨ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚ ਇੰਗਲੈਂਡ ਦੀ ਲਗਾਤਾਰ ਦੋ ਸੀਰੀਜ਼ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਬੱਲੇਬਾਜ਼ ਨੂੰ ਕਾਊਂਟੀ ਕ੍ਰਿਕਟ ’ਚ ਵੀ ਕਾਫ਼ੀ ਸਫਲਤਾ ਮਿਲੀ ਹੈ ਜਿੱਥੇ ਉਹ ਸਰੀ ਲਈ ਖੇਡਦੇ ਸਨ। ਉਹ 11 ਸਾਲ ਦੀ ਉਮਰ ’ਚ ਕਾਊਂਟੀ ’ਚ ਸ਼ਾਮਲ ਹੋਇਆ ਸੀ। ਉਨ੍ਹਾਂ ਨੇ ਫਸਟ ਕਲਾਸ ਕ੍ਰਿਕਟ ’ਚ 21937 ਦੌੜਾਂ ਬਣਾਈਆਂ।