
ਪੰਜਾਬ ਦੇ 382 ਥਾਣਿਆਂ ’ਚ ਸਥਾਪਿਤ ਕੀਤੇ ਗਏ ਮਹਿਲਾ ਹੈਲਪ ਡੈਸਕ
ਔਰਤਾਂ ਨੂੰ ਲੋੜ ਵੇਲੇ ਮਦਦ ਮੁਹੱਈਆ ਕਰਵਾਉਣ ਲਈ ਮਹਿਲਾ ਪੁਲਿਸ ਅਧਿਕਾਰੀ ਤੈਨਾਤ
ਮੁਹਾਲੀ : ਪੰਜਾਬ ਵਿਚ ਅੱਤਿਆਚਾਰ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਪੁਲਿਸ ਵਲੋਂ ਇੱਕ ਉਪਰਾਲਾ ਕੀਤਾ ਗਿਆ ਹੈ। ਜਿਸ ਤਹਿਤ ਪੰਜਾਬ ਦੇ ਸਾਰੇ 382 ਪੁਲਸ ਥਾਣਿਆਂ ’ਚ ਮਹਿਲਾ ਹੈਲਪ ਡੈਸਕ ਸਥਾਪਤ ਕਰ ਦਿੱਤੇ ਗਏ ਹਨ।
ਇੰਨਾ ਹੀ ਨਹੀਂ ਇਥੇ ਹੁਣ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ 'ਤੇ ਔਰਤਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਸਕੇ। ਏ. ਡੀ. ਜੀ. ਪੀ. ਗੁਰਪ੍ਰੀਤ ਦਿਓ ਨੇ ਕਿਹਾ ਕਿ ਅੱਤਿਆਚਾਰ ਦੀ ਸ਼ਿਕਾਰ ਕੋਈ ਵੀ ਔਰਤ ਪੁਲਿਸ ਥਾਣੇ ’ਚ ਜਾ ਕੇ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਉਨ੍ਹਾਂ ਦੀ ਸ਼ਿਕਾਇਤ ਸੁਣਨ ਲਈ ਮਹਿਲਾ ਪੁਲਿਸ ਅਧਿਕਾਰੀ ਹਾਜ਼ਰ ਹੋਣਗੇ।
ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਹੁਣ ਥਾਣਿਆਂ ਵਿਚ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ ਕਿਉਂਕਿ ਕਈ ਵਾਰ ਔਰਤਾਂ ਮਰਦ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਜਾਣ ਤੋਂ ਘਬਰਾਉਂਦੀਆਂ ਹਨ। ਅਜਿਹੀ ਹਾਲਤ ’ਚ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ। ਉਨ੍ਹਾਂ ਨੇ ਕਿਹਾ ਕਿ ਹੁਣ ਔਰਤਾਂ ਬਗ਼ੈਰ ਕਿਸੇ ਝਿਜਕ ਤੋਂ ਆ ਰਹੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ ਅਤੇ ਪੰਜਾਬ ਪੁਲਿਸ ਉਨ੍ਹਾਂ ਦੀ ਸਹਾਇਤਾ ਲਈ ਵਚਨਬੱਧ ਹੈ।