
ਪਿਛਲੇ ਦੋ ਵਾਰ ਚਾਂਦੀ ਤਗਮੇ ਦੀ ਜੇਤੂ ਭਾਰਤੀ ਟੀਮ ਸ਼ਨਿਚਰਵਾਰ ਨੂੰ ਰਾਸ਼ਟਰਮੰਡਲ ਖੇਡਾਂ 'ਚ ਅਪਣੇ ਮੁਹਿਮ ਦੀ ਸ਼ੁਰੂਆਤ ਲੰਬੇ ਸਮੇਂ ਦੀ ਵਿਰੋਧੀ ਟੀਮ ਪਾਕਿਸਤਾਨ...
ਨਵੀਂ ਦਿੱਲੀ : ਪਿਛਲੇ ਦੋ ਵਾਰ ਚਾਂਦੀ ਤਗਮੇ ਦੀ ਜੇਤੂ ਭਾਰਤੀ ਟੀਮ ਸ਼ਨਿਚਰਵਾਰ ਨੂੰ ਰਾਸ਼ਟਰਮੰਡਲ ਖੇਡਾਂ 'ਚ ਅਪਣੇ ਮੁਹਿਮ ਦੀ ਸ਼ੁਰੂਆਤ ਲੰਬੇ ਸਮੇਂ ਦੀ ਵਿਰੋਧੀ ਟੀਮ ਪਾਕਿਸਤਾਨ ਦੇ ਵਿਰੁਧ ਕਰੇਗੀ। ਪਾਕਿਸਤਾਨ ਦੇ ਤਜ਼ਰਬੇਕਾਰ ਗੋਲਕੀਪਰ ਇਮਰਾਨ ਬੱਟ ਨੇ ਸਵੀਕਾਰ ਕੀਤਾ ਹੈ ਕਿ ਰਾਸ਼ਟਰਮੰਡਲ ਖੇਡਾਂ ਦੇ ਸੱਭ ਤੋਂ ਜ਼ਰੂਰੀ ਮੁਕਾਬਲੇ 'ਚ ਭਾਰਤ ਦਾ ਪਲੜਾ ਭਾਰਤੀ ਰਹੇਗਾ, ਪਰ ਉਨ੍ਹਾਂ ਚੇਤਾਇਆ ਹੈ ਕਿ ਪਾਕਿਸਤਾਨ ਨੂੰ ਹਲਕੇ 'ਚ ਲੈਣਾ ਭਾਰੀ ਪੈ ਸਕਦਾ ਹੈ।
ind vs pak
ਇਮਰਾਨ ਨੇ ਗੋਲਡ ਕੋਸਟ ਤੋਂ ਕਿਹਾ ਕਿ ਪੱਕੇ ਤੌਰ 'ਤੇ ਭਾਰਤ ਦਾ ਹੀ ਪਲੜਾ ਭਾਰੀ ਹੈ। ਭਾਰਤੀ ਟੀਮ ਨੇ ਪਿਛਲੇ ਕੁੱਝ ਸਮੇਂ 'ਚ ਬਹੁਤ ਹਾਕੀ ਖੇਡੀ ਹੈ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ ਹੈ। ਪਰ ਭਾਰਤ-ਪਾਕਿਸਤਾਨ ਮੈਚ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਪੰਜ ਮਿੰਟ 'ਚ ਖੇਡ ਬਦਲ ਵੀ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਟੀਮਾਂ ਲਈ ਇਹ ਮੈਚ ਜਜ਼ਬਾਤਾਂ 'ਤੇ ਕਾਬੂ ਰਖਣ ਵਾਲਾ ਅਤੇ ਦਬਾਅ ਝਲਣ ਵਾਲਾ ਹੋਵੇਗਾ। ਇਸ 'ਚ ਚੰਗੇ ਖੇਡ 'ਤੇ ਸੱਭ ਕੁਝ ਨਿਰਭਰ ਰਹੇਗਾ। ਦੋਵੇਂ ਟੀਮਾਂ ਜਿੱਤ ਦੀਆਂ ਉਮੀਦਾਂ ਲੈ ਕੇ ਮੈਦਾਨ 'ਤੇ ਉਤਰਨਗੀਆਂ।
ind vs pak
ਰਾਸ਼ਟਰਮੰਡਲ ਖੇਡਾਂ 'ਚ ਪਿਛਲੀ ਵਾਰ ਦੋਵੇਂ ਟੀਮਾਂ ਦਾ ਮੁਕਾਬਲਾ ਦਿੱਲੀ 'ਚ 2010 'ਚ ਹੋਇਆ ਸੀ। ਜਦੋਂ ਭਾਰਤ 7-2 ਤੋਂ ਜੇਤੂ ਰਿਹਾ ਸੀ। ਇਮਰਾਨ ਨੇ ਕਿਹਾ ਕਿ ਇਸ ਵਾਰ ਮੈਚ ਦਾ ਨਤੀਜਾ ਇਕ ਤਰਫਾ ਨਹੀਂ ਹੋਵੇਗਾ। ਉਸ ਨੇ ਕਿਹਾ ਕਿ ਕਲ ਟੱਕਰ ਵਾਲਾ ਮੈਚ ਦੇਖਣ ਨੂੰ ਮਿਲੇਗਾ। ਇਮਰਾਨ ਨੇ ਕਿਹਾ ਕਿ ਇਹ ਰਾਸ਼ਟਰਮੰਡਲ ਖੇਡਾਂ ਦਾ ਸੱਭ ਤੋਂ ਵਧੀਆ ਮੈਚ ਹੋਵੇਗਾ। ਸਾਡਾ ਟੀਚਾ ਰਾਸ਼ਟਰਮੰਡਲ ਖੇਡ ਨਹੀਂ ਬਲਕਿ ਏਸ਼ੀਆਈ ਖੇਡ ਹੈ। ਜਿਸ ਦੇ ਮੁਤਾਬਕ ਸਾਨੂੰ ਓਲੰਪਿਕ 'ਚ ਕੁਆਲੀਫਾਈ ਕਰਨਾ ਹੈ। ਚੈਂਪੀਅਨਸ ਟਰਾਫੀ 'ਚ ਵੀ ਸਾਡਾ ਪਹਿਲਾ ਮੁਕਾਬਲਾ ਭਾਰਤ ਨਾਲ ਹੀ ਹੋਵੇਗਾ। ਇਸ ਲਈ ਸਾਡੇ ਖਿਡਾਰੀਆਂ ਲਈ ਇਹ ਸਿਖਣ ਦਾ ਮੌਕਾ ਹੋਵੇਗਾ।