
ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫ਼ਲ ਕਪਤਾਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫ਼ਲ ਕਪਤਾਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਅੱਜ ਵੀ ਧੋਨੀ ਦੀਆਂ ਰਣਨੀਤੀਆਂ ਟੀਮ ਨੂੰ ਜਿੱਤ ਦਵਾਉਣ ਵਿਚ ਕਾਰਗਰ ਸਾਬਤ ਹੁੰਦੀਆਂ ਹਨ। ਧੋਨੀ ਦਾ ਜਨਮ 7 ਜੁਲਾਈ ਨੂੰ ਰਾਂਚੀ ਵਿਚ ਹੋਇਆ ਸੀ। ਐਮਐਸ ਧੋਨੀ ਦਾ ਜੱਦੀ ਪਿੰਡ ਲਾਵਲੀ, ਉਤਰਾਖੰਡ ਵਿਚ ਹੈ। ਪਿਤਾ ਦੀ ਨੌਕਰੀ ਰਾਂਚੀ ਵਿਚ ਹੋਣ ਕਾਰਨ ਉਹਨਾਂ ਦਾ ਪਰਿਵਾਰ ਉੱਥੇ ਹੀ ਰਹਿੰਦਾ ਸੀ। ਮਹਿੰਦਰ ਸਿੰਘ ਧੋਨੀ ਅਪਣੇ ਦੋਸਤਾਂ ਵਿਚ ‘ਮਾਹੀ’ ਨਾਂਅ ਨਾਲ ਜਾਣੇ ਜਾਂਦੇ ਹਨ।
MS Dhoni
ਧੋਨੀ ਦੀ ਕਪਤਾਨੀ ਨੂੰ ਸਭ ਤੋਂ ਸਫ਼ਲ ਮੰਨਿਆ ਜਾਂਦਾ ਹੈ। ਉਹਨਾਂ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਸਭ ਤੋਂ ਜ਼ਿਆਦਾ ਟੈਸਟ ਅਤੇ ਇਕ ਰੋਜ਼ਾ ਮੈਚ ਜਿੱਤੇ ਹਨ। ਧੋਨੀ 2007 ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਬਣੇ ਸਨ। ਧੋਨੀ ਨੇ 28 ਸਾਲਾਂ ਬਾਅਦ ਭਾਰਤ ਨੂੰ ਸਾਲ 2011 ਵਿਚ ਵਿਸ਼ਵ ਕੱਪ ਵਿਚ ਜਿਤਾਇਆ ਸੀ। ਅਪਣੇ ਜੀਵਨ ਵਿਚ ਧੋਨੀ ਨੇ 500 ਮੈਚ ਖੇਡੇ ਹਨ। ਉਹ ਭਾਰਤ ਲਈ ਤੀਜੇ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਹਨ।
MS Dhoni and His Wife
ਧੋਨੀ ਏਅਰ ਇੰਡੀਆ ਦੀ ਰਾਂਚੀ ਬ੍ਰਾਂਚ ਵਿਚ ਡਿਪਟੀ ਮੈਨੇਜਰ ਵੀ ਰਹਿ ਚੁੱਕੇ ਹਨ। ਧੋਨੀ ਖੜਗਪੁਰ ਰੇਲਵੇ ਵਿਚ ਟਿਕਟ ਚੈਕਰ ਦੀ ਨੌਕਰੀ ਵੀ ਕਰਦੇ ਸਨ।
ਉਹਨਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਤਨੀ ਸਾਕਸ਼ੀ ਅਤੇ ਪੁੱਤਰੀ ਜੀਵਾ ਨਾਲ ਧੋਨੀ ਦੀ ਕਿਹੋ ਜਿਹੀ ਬੌਂਡਿੰਗ ਹੈ। ਮਹਿੰਦਰ ਸਿੰਘ ਧੋਨੀ ਅਤੇ ਉਹਨਾਂ ਦੀ ਪਤਨੀ ਸਾਕਸ਼ੀ ਧੋਨੀ ਦੀ ਲਵ ਸਟੋਰੀ ਉਹਨਾਂ ਦੇ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਧੋਨੀ ਅਤੇ ਸਾਕਸ਼ੀ ਦੀ ਲਵ ਸਟੋਰੀ ਸਿਲਵਰ ਸਕਰੀਨ ‘ਤੇ ਵੀ ਨਜ਼ਰ ਆ ਚੁੱਕੀ ਹੈ।
Mahinder singh Dhoni
ਬਾਲੀਵੁੱਡ ਫ਼ਿਲਮ ‘ਧੋਨੀ ਦ ਅਨਟੋਲਡ ਸਟੋਰੀ’ ਵਿਚ ਦੋਵਾਂ ਦੀ ਲਵ ਸਟੋਰੀ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ। ਧੋਨੀ ਅਤੇ ਸਾਕਸ਼ੀ ਇਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ ਅਤੇ ਇਕ ਹੀ ਸਕੂਲ ਵਿਚ ਪੜਦੇ ਸਨ। ਦਰਅਸਲ ਧੋਨੀ ਅਤੇ ਸਾਕਸ਼ੀ ਦੋਨਾਂ ਦੇ ਪਿਤਾ ਇਕ ਹੀ ਕੰਪਨੀ ਵਿਚ ਕੰਮ ਕਰਦੇ ਸਨ। ਪਰ ਉਸ ਸਮੇਂ ਉਹ ਇਕ ਦੂਜੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਸਨ। ਉਸ ਤੋਂ ਬਾਅਦ ਸਾਕਸ਼ੀ ਦਾ ਪਰਵਾਰ ਕੋਲਕਾਤਾ ਵਿਚ ਸ਼ਿਫ਼ਟ ਹੋ ਗਿਆ।
MS Dhoni and His Wife and daughter
ਕਾਫ਼ੀ ਸਮੇਂ ਬਾਅਦ ਧੋਨੀ ਅਤੇ ਸਾਕਸ਼ੀ ਦੀ ਮੁਲਾਕਾਤ ਕੋਲਕਾਤਾ ਵਿਚ ਹੋਈ। ਇਸ ਦੌਰਾਨ ਉਹਨਾਂ ਦੀ ਦੋਸਤੀ ਵਧ ਗਈ ਅਤੇ 4 ਜੁਲਾਈ 2010 ਨੂੰ ਦੇਹਰਾਦੂਨ ਦੇ ਇਕ ਫਾਰਮ ਹਾਊਸ ਵਿਚ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਸਮੇਂ ਸਾਕਸ਼ੀ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੀ ਸੀ। ਸਾਕਸ਼ੀ ਨਾਲ ਵਿਆਹ ਤੋਂ ਪਹਿਲਾਂ ਧੋਨੀ ਦਾ ਨਾਂਅ ਕਈ ਮਸ਼ਹੂਰ ਫਿਲਮ ਅਦਾਕਾਰਾਂ ਨਾਲ ਜੁੜਿਆ ਸੀ, ਜਿਨ੍ਹਾਂ ਵਿਚ ਦੀਪਿਕਾ ਪਾਦੂਕੋਣ, ਸਾਊਥ ਅਦਾਕਾਰਾ ਰਾਏ ਲਕਸ਼ਮੀ, ਅਸਿਨ ਆਦਿ ਦੇ ਨਾਂਅ ਸ਼ਾਮਲ ਹਨ।
MS Dhoni and His Wife
ਵਿਆਹ ਤੋਂ ਬਾਅਦ 6 ਫਰਵਰੀ 2015 ਨੂੰ ਸਾਕਸ਼ੀ ਧੋਨੀ ਨੇ ਇਕ ਲੜਕੀ ਨੂੰ ਜਨਮ ਦਿੱਤਾ, ਇਸ ਲੜਕੀ ਦਾ ਨਾਂਅ ਜੀਵਾ ਰੱਖਿਆ ਗਿਆ। ਜਨਮ ਤੋਂ ਹੀ ਜੀਵਾ ਨੂੰ ਮਾਤਾ-ਪਿਤਾ ਦਾ ਬਹੁਤ ਪਿਆਰ ਮਿਲ ਰਿਹਾ ਹੈ। ਕਈ ਵੀਡੀਓਜ਼ ਵਿਚ ਮਾਹੀ ਜੀਵਾ ਦਾ ਖ਼ਾਸ ਖਿਆਲ ਰੱਖਦੇ ਨਜ਼ਰ ਆਉਂਦੇ ਹਨ। ਹਸਮੁੱਖ ਸੁਭਾਅ ਦੇ ਧੋਨੀ ਅਪਣੀ ਧੀ ਨਾਲ ਹਮੇਸ਼ਾਂ ਮਸਤੀ ਕਰਦੇ ਨਜ਼ਰ ਆਉਂਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵੀ ਅਕਸਰ ਜੀਵਾ ਨਾਲ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਕ੍ਰਿਕਟ ਤੋਂ ਪਹਿਲਾਂ ਧੋਨੀ ਫੁੱਟਬਾਲ ਪਸੰਦ ਕਰਦੇ ਸਨ। ਮਹਿੰਦਰ ਸਿੰਘ ਧੋਨੀ ਅਪਣੇ ਲੰਬੇ ਵਾਲਾਂ ਦੇ ਸਟਾਈਲ ਲਈ ਵੀ ਮਸ਼ਹੂਰ ਰਹੇ ਹਨ।