
ਜ਼ਿਲ੍ਹਾ ਤਰਨਤਾਰਨ ਦੀ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ ਤੇ ਲੁਧਿਆਣਾ ਦੀ ਸ਼ਵਿੰਦਰ ਕੌਰ ਨੇ ਬਾਕਸਿੰਗ ’ਚ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ
ਚੰਡੀਗੜ੍ਹ : ਕੈਨੇਡਾ ’ਚ ਚੱਲ ਰਹੀਆਂ ਵਿਸ਼ਵ ਪੁਲਿਸ ਤੇ ਫਾਇਰ ਖੇਡਾਂ ’ਚ ਜ਼ਿਲ੍ਹਾ ਤਰਨਤਾਰਨ ਦੀ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ ਨੇ 76 ਕਿਲੋ ਵਰਗ ਮੁਕਾਬਲੇ ’ਚ ਤੇ ਲੁਧਿਆਣਾ ਜ਼ਿਲ੍ਹੇ ਦੀ ਸ਼ਵਿੰਦਰ ਕੌਰ ਨੇ ਬਾਕਸਿੰਗ ’ਚ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ।
ਗੁਰਸ਼ਰਨਪ੍ਰੀਤ ਕੌਰ ਨੇ ਸੋਨ ਤਮਗਾ ਜਿੱਤ ਕੇ ਨਾ ਸਿਰਫ ਪੰਜਾਬ ਪੁਲਿਸ ਦਾ ਸਗੋਂ ਤਰਨਤਾਰਨ ਜ਼ਿਲ੍ਹੇ ਦਾ ਵੀ ਨਾਂ ਰੌਸ਼ਨ ਕੀਤਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ’ਚ ਬਤੌਰ ਇੰਸਪੈਕਟਰ ਤਾਇਨਾਤ ਗੁਰਸ਼ਰਨਪ੍ਰੀਤ ਕੌਰ ਜ਼ਿਲ੍ਹੇ ਦੇ ਪਿੰਡ ਵੜਿੰਗ ਮੋਹਨਪੁਰ ਦੀ ਜੰਮਪਲ ਹੈ। ਸੋਨ ਤਮਗਾ ਜਿੱਤ ਕੇ ਵਤਨ ਪਰਤੀ ਗੁਰਸ਼ਨਪ੍ਰੀਤ ਕੌਰ ਨੇ ਦਸਿਆ ਕਿ ਘਰੇਲੂ ਸਮੱਸਿਆਵਾਂ ਹੋਣ ਦੇ ਬਾਵਜੂਦ ਉਹ ਪਿਛਲੇ ਕਈ ਸਾਲਾਂ ਤੋਂ ਭਾਰਤ ਦਾ ਨਾਂ ਰੌਸ਼ਨ ਕਰਦੀ ਆ ਰਹੀ ਹੈ
ਇਸੇ ਤਰ੍ਹਾਂ ਕੈਨੇਡਾ ’ਚ ਚੱਲ ਰਹੀਆਂ ਵਿਸ਼ਵ ਪੁਲਿਸ ਤੇ ਫਾਇਰ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਦਿਆਂ ਲਾਗਲੇ ਪਿੰਡ ਚਕਰ ਦੀ ਸ਼ਵਿੰਦਰ ਕੌਰ ਨੇ ਸੋਨ ਤਮਗਾ ਜਿੱਤਿਆ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਸਪੋਰਟਸ ਅਕੈਡਮੀ ਦੇ ਜਸਕਿਰਨਪ੍ਰੀਤ ਸਿੱਧੂ ਤੇ ਅਮਿਤ ਕੁਮਾਰ ਨੇ ਦਸਿਆ ਕਿ ਸ਼ਵਿੰਦਰ ਕੌਰ, ਚਕਰ ਦੀ ਪਹਿਲੀ ਮੁੱਕੇਬਾਜ਼ ਕੁੜੀ ਹੈ, ਜਿਸ ਨੇ ਨਵੰਬਰ 2022 ਵਿਚ ‘ਆਲ ਇੰਡੀਆ ਪੁਲਿਸ ਗੇਮਜ਼’ ਵਿਚ ਬਾਕਸਿੰਗ ਦਾ ਸੋਨ ਤਮਗਾ ਜਿੱਤਿਆ ਸੀ, ਜਿਸ ਆਧਾਰ ’ਤੇ ਉਸ ਨੂੰ ਵਿਸ਼ਵ ਪੁਲਿਸ ਖੇਡਾਂ ’ਚ ਹਿੱਸਾ ਲੈਣ ਲਈ ਚੁਣਿਆ ਗਿਆ।