
ਮਹਿਲਾ ਇੱਕਰੋਜ਼ਾ ਵਿਸ਼ਵ ਕੱਪ 2025: 30 ਸਤੰਬਰ ਨੂੰ ਗੁਹਾਟੀ ਵਿਚ ਹੋਵੇਗੀ ਓਪਨਿੰਗ ਸੈਰੇਮਨੀ
ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਭਾਰਤ ਵਿਚ ਹੋਣ ਵਾਲੇ ICC ਇੱਕਰੋਜ਼ਾ ਵਿਸ਼ਵ ਕੱਪ ਦੇ ਓਪਨਿੰਗ ਸੈਰੇਮਨੀ ਵਿਚ ਹਿੱਸਾ ਨਹੀਂ ਲਵੇਗੀ। ਸੈਰੇਮਨੀ 30 ਸਤੰਬਰ ਨੂੰ ਗੁਹਾਟੀ ਵਿਚ ਹੋਣੀ ਹੈ। ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਮਿਲ ਕੇ ਕਰ ਰਹੇ ਹਨ। ਓਪਨਿੰਗ ਸੈਰੇਮਨੀ ਵਿਚ ਭਾਰਤੀ ਗਾਇਕਾ ਸ਼੍ਰੇਯਾ ਘੋਸ਼ਾਲ ਪੇਸ਼ਕਾਰੀ ਦੇਵੇਗੀ।
ਜ਼ਿਕਰਯੋਗ ਹੈ ਕਿ ਦਸੰਬਰ ਵਿਚ ICC ਮੀਟਿੰਗ ਵਿਚ ਫੈਸਲਾ ਹੋਇਆ ਸੀ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ 2027 ਤੱਕ ਇੱਕ ਦੂਜੇ ਦੇ ਦੇਸ਼ ਵਿਚ ਜਾ ਕੇ ਕ੍ਰਿਕਟ ਨਹੀਂ ਖੇਡਣਗੀਆਂ। ਪਾਕਿਸਤਾਨੀ ਟੀਮ ਵੀ 2027 ਤੱਕ ਕਿਸੇ ਵੀ ਟੂਰਨਾਮੈਂਟ ਲਈ ਭਾਰਤ ਨਹੀਂ ਆਏਗੀ। ਕਿਸੇ ਵੀ ਟੂਰਨਾਮੈਂਟ ਵਿਚ ਦੋਵੇਂ ਟੀਮਾਂ ਦੇ ਮੈਚ ਨਿਰਪੱਖ ਥਾਵਾਂ ’ਤੇ ਖੇਡੇ ਜਾਣਗੇ। ਇਹ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਟੀਮ ਦਾ ਓਪਨਿੰਗ ਸੈਰੇਮਨੀ ਵਿਚ ਨਾ ਆਉਣ ਦਾ ਇਹ ਫੈਸਲਾ ਇਸੇ ਨੀਤੀ ਦਾ ਹਿੱਸਾ ਹੈ।
ਪਾਕਿਸਤਾਨ ਦੇ ਸਾਰੇ ਮੁਕਾਬਲੇ ਹਾਈਬ੍ਰਿਡ ਮਾਡਲ ’ਤੇ ਖੇਡੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਪਾਕਿਸਤਾਨ ਕ੍ਰਿਕਟ ਬੋਰਡ (PCB) ਵਿਚਾਲੇ ਹੋਏ ਹਾਈਬ੍ਰਿਡ ਸਮਝੌਤੇ ਮੁਤਾਬਕ ਪਾਕਿਸਤਾਨ ਦੀ ਟੀਮ ਆਪਣੇ ਸਾਰੇ ਮੁਕਾਬਲੇ ਨਿਰਪੱਖ ਥਾਂ ਕੋਲੰਬੋ ਵਿਚ ਖੇਡੇਗੀ। ਇਸ ਵਿਚ ਬੰਗਲਾਦੇਸ਼ ਨਾਲ 2 ਅਕਤੂਬਰ, ਭਾਰਤ 5 ਅਕਤੂਬਰ, ਆਸਟ੍ਰੇਲੀਆ 8 ਅਕਤੂਬਰ, ਇੰਗਲੈਂਡ 15 ਅਕਤੂਬਰ, ਨਿਊਜ਼ੀਲੈਂਡ 18 ਅਕਤੂਬਰ, ਸਾਊਥ ਅਫਰੀਕਾ 21 ਅਕਤੂਬਰ, ਸ਼੍ਰੀਲੰਕਾ 25 ਅਕਤੂਬਰ ਦੇ ਮੁਕਾਬਲੇ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 2008 ਦੇ ਮੁੰਬਈ ਹਮਲੇ ਤੋਂ ਬਾਅਦ ਤੋਂ ਹੀ ਭਾਰਤ-ਪਾਕਿਸਤਾਨ ਵਿਚਾਲੇ ਦੋ-ਪੱਖੀ ਸੀਰੀਜ਼ ਬੰਦ ਹੈ। ਹੁਣ ਦੋਵੇਂ ਟੀਮਾਂ ਸਿਰਫ ICC ਅਤੇ ACC ਟੂਰਨਾਮੈਂਟ ਵਿਚ ਇਕ-ਦੂਜੇ ਦਾ ਸਾਹਮਣਾ ਕਰਦੀਆਂ ਹਨ।