
“ਕ੍ਰਿਕਟ ਤਾਂ ਹੁਣ ਖੇਡ ਘੱਟ ਵਪਾਰ ਜ਼ਿਆਦਾ ਹੋ ਗਿਆ ਹੈ”
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਕ੍ਰਿਕਟ ਸਮੇਤ ਖੇਡਾਂ ਨਾਲ ਜੁੜੇ ਮਾਮਲਿਆਂ ਤੋਂ ਖ਼ੁਦ ਨੂੰ ਦੂਰ ਰੱਖੇ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਕਿਹਾ, ‘‘ਕ੍ਰਿਕਟ ’ਚ ਹੁਣ ਖੇਡ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਇਕ ਤੱਥ ਹੈ। ਇਹ ਸੱਭ ਕਾਰੋਬਾਰ ਹੋ ਗਿਐ।’’
ਬੈਂਚ ਨੇ ਇਹ ਟਿਪਣੀ ਜਬਲਪੁਰ ਡਿਵੀਜ਼ਨ ਲਈ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੇ ਮਾਮਲੇ ਵਿਚ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉਤੇ ਸੁਣਵਾਈ ਦੌਰਾਨ ਕੀਤੀ। ਜਸਟਿਸ ਨਾਥ ਨੇ ਇਸ ਮਾਮਲੇ ਵਿਚ ਵੱਖ-ਵੱਖ ਧਿਰਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੂੰ ਪੁਛਿਆ ਕਿਹਾ, ‘‘ਅੱਜ ਅਸੀਂ ਕ੍ਰਿਕਟ ਖੇਡ ਰਹੇ ਹਾਂ। ਤਿੰਨ-ਚਾਰ ਮਾਮਲੇ ਆਏ ਹਨ। ਇਕ ਨੂੰ ਪਹਿਲਾਂ ਹੀ ਦੂਜੇ ਗੇੜ ਲਈ ਮੁਲਤਵੀ ਕਰ ਦਿਤਾ ਗਿਆ ਹੈ। ਇਹ ਦੂਜਾ ਹੈ। ਇੱਥੇ ਦੋ ਹੋਰ ਹਨ। ਅੱਜ ਤੁਸੀਂ ਕਿੰਨੇ ਟੈਸਟ ਮੈਚ ਖੇਡੋਗੇ?’’
ਇਸ ’ਤੇ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਦੇਸ਼ ’ਚ ਕ੍ਰਿਕਟ ਦਾ ਜਨੂੰਨ ਹੈ। ਜਸਟਿਸ ਨਾਥ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਦਾਲਤ ਨੂੰ ਕ੍ਰਿਕਟ, ਬੈਡਮਿੰਟਨ, ਵਾਲੀਬਾਲ, ਬਾਸਕਟਬਾਲ ਦੇ ਕੇਸਾਂ ਤੋਂ ਖ਼ੁਦ ਨੂੰ ਦੂਰ ਰੱਖਣਾ ਚਾਹੀਦਾ ਹੈ।’’
ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਇਹ ਮਾਮਲੇ ਕੁੱਝ ਚਿੰਤਾਵਾਂ ਕਾਰਨ ਸੁਪਰੀਮ ਕੋਰਟ ਦੇ ਸਾਹਮਣੇ ਆ ਰਹੇ ਹਨ। ਵਕੀਲ ਨੇ ਕਿਹਾ, ‘‘ਮੁੱਦਾ ਇਹ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਵਿਚ ਦਾਅ ਬਹੁਤ ਜ਼ਿਆਦਾ ਹੋ ਗਿਆ ਹੈ। ਕਿਸੇ ਵੀ ਖੇਡ ’ਚ, ਜਿਸ ਦਾ ਵਪਾਰੀਕਰਨ ਹੋ ਗਿਆ ਹੈ, ਅਜਿਹਾ ਹੋਣਾ ਲਾਜ਼ਮੀ ਹੈ।’’ ਬੈਂਚ ਨੇ ਪਟੀਸ਼ਨ ਉਤੇ ਵਿਚਾਰ ਕਰਨ ਤੋਂ ਅਪਣੀ ਝਿਜਕ ਜ਼ਾਹਰ ਕੀਤੀ।
ਪਟੀਸ਼ਨਕਰਤਾ ਦੇ ਵਕੀਲ ਨੇ ਬੈਂਚ ਨੂੰ ਬੇਨਤੀ ਕੀਤੀ ਕਿ ਉਸ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿਤੀ ਜਾਵੇ। ਬੈਂਚ ਨੇ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿਤੀ।