
ਮੈਡੀਕਲ ਟੀਮ ਕਰ ਰਹੀ ਹੈ ਨਿਗਰਾਨੀ
ਮੁੰਬਈ : ਸੜਕ ਹਾਦਸੇ ਦਾ ਸ਼ਿਕਾਰ ਹੋਏ ਰਿਸ਼ਭ ਪੰਤ ਦਾ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗੋਡੇ ਦੀ ਸਫਲ ਸਰਜਰੀ ਹੋਈ। ਸੂਤਰਾਂ ਨੇ ਇੱਕ ਨਿਊਜ਼ ਏਜੰਸੀ ਨਾਲ ਨਾਲ ਗੱਲਬਾਤ ਦੌਰਾਨ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਪੰਤ ਮੈਡੀਕਲ ਟੀਮ ਦੀ ਨਿਗਰਾਨੀ 'ਚ ਹਨ ਅਤੇ ਉਨ੍ਹਾਂ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਰੁੜਕੀ ਨੇੜੇ ਵਾਪਰੇ ਇੱਕ ਕਾਰ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ 30 ਦਸੰਬਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦੀ ਕਾਰ ਰੁੜਕੀ ਨੇੜੇ ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ ਵਿੱਚ ਪੰਤ ਨੂੰ ਗੰਭੀਰ ਸੱਟਾਂ ਲੱਗੀਆਂ। ਉਹ ਆਪਣੀ ਨਿੱਜੀ ਕਾਰ 'ਚ ਦਿੱਲੀ ਤੋਂ ਰੁੜਕੀ ਜਾ ਰਿਹਾ ਸੀ ਅਤੇ ਖੁਦ ਚਲਾ ਰਿਹਾ ਸੀ। 25 ਸਾਲਾ ਬੱਲੇਬਾਜ਼ ਖੁਦ ਵਿੰਡ ਸਕਰੀਨ ਤੋੜ ਕੇ ਕਾਰ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਰਿਹਾ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ।
ਹਾਦਸੇ ਤੋਂ ਬਾਅਦ ਪੰਤ ਨੂੰ ਰੁੜਕੀ ਵਿੱਚ ਹੀ ਮੁੱਢਲੀ ਸਹਾਇਤਾ ਤੋਂ ਬਾਅਦ ਦੇਹਰਾਦੂਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਬੀਸੀਸੀਆਈ ਨੇ ਡੀਡੀਸੀਏ ਨੂੰ ਪੰਤ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਸਨ ਅਤੇ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖਣ ਲਈ ਕਿਹਾ ਸੀ। ਡੀਡੀਸੀਏ ਮੁਖੀ ਸ਼ਿਆਮ ਸ਼ਰਮਾ ਖੁਦ ਪੰਤ ਨੂੰ ਮਿਲਣ ਪਹੁੰਚੇ ਸਨ। ਇਸ ਤੋਂ ਇਲਾਵਾ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਪੰਤ ਨੂੰ ਮਿਲਣ ਹਸਪਤਾਲ ਪਹੁੰਚੇ ਸਨ।
4 ਜਨਵਰੀ ਨੂੰ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨੇ ਵੱਡਾ ਫੈਸਲਾ ਲਿਆ ਅਤੇ ਪੰਤ ਨੂੰ ਇਲਾਜ ਲਈ ਮੁੰਬਈ ਸ਼ਿਫਟ ਕੀਤਾ। ਉਸ ਨੂੰ ਏਅਰਲਿਫਟ ਕਰ ਦਿੱਤਾ ਗਿਆ। ਬੀਸੀਸੀਆਈ ਨੇ ਦੱਸਿਆ ਸੀ ਕਿ ਪੰਤ ਦੇ ਸਿਰ 'ਤੇ ਦੋ ਕੱਟ ਹਨ। ਉਸ ਦੇ ਸੱਜੇ ਗੋਡੇ ਵਿਚ ਲਿਗਾਮੈਂਟ ਫੱਟ ਗਿਆ ਹੈ ਅਤੇ ਉਸ ਦੇ ਸੱਜੇ ਗੁੱਟ, ਗਿੱਟੇ, ਪੈਰ ਦੇ ਅੰਗੂਠੇ 'ਤੇ ਵੀ ਸੱਟਾਂ ਲੱਗੀਆਂ ਹਨ। ਨਾਲ ਹੀ ਉਸ ਦੀ ਪਿੱਠ 'ਤੇ ਵੀ ਸੱਟ ਲੱਗੀ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਬੀਸੀਸੀਆਈ ਆਉਣ ਵਾਲੇ ਵਨਡੇ ਵਿਸ਼ਵ ਕੱਪ ਦੇ ਮੱਦੇਨਜ਼ਰ ਪੰਤ ਨੂੰ ਜਲਦੀ ਤੋਂ ਜਲਦੀ ਫਿੱਟ ਦੇਖਣਾ ਚਾਹੁੰਦਾ ਹੈ।