ਵਿਸ਼ਾਖਾਪਟਨਮ ’ਚ 9 ਵਿਕਟਾਂ ਲੈ ਕੇ ਪੈਟ ਕਮਿੰਸ, ਕੈਗਿਸੋ ਰਬਾਡਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡ ਦਿਤਾ
ਦੁਬਈ: ਜਸਪ੍ਰੀਤ ਬੁਮਰਾਹ ਇੰਗਲੈਂਡ ਵਿਰੁਧ ਦੂਜੇ ਟੈਸਟ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਬੁਧਵਾਰ ਨੂੰ ਆਈ.ਸੀ.ਸੀ. ਟੈਸਟ ਰੈਂਕਿੰਗ ’ਚ ਚੋਟੀ ’ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ।
ਵਿਸ਼ਾਖਾਪਟਨਮ ’ਚ 30 ਸਾਲ ਦੇ ਇਸ ਗੇਂਦਬਾਜ਼ ਨੇ 9 ਵਿਕਟਾਂ ਲੈ ਕੇ ਪੈਟ ਕਮਿੰਸ, ਕੈਗਿਸੋ ਰਬਾਡਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡ ਦਿਤਾ। ਉਹ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਸਿਖਰ ’ਤੇ ਪਹੁੰਚਣ ਵਾਲੇ ਦੇਸ਼ ਦੇ ਚੌਥੇ ਖਿਡਾਰੀ ਹਨ। ਇਸ ਤੋਂ ਪਹਿਲਾਂ ਬਿਸ਼ਨ ਸਿੰਘ ਬੇਦੀ, ਅਸ਼ਵਿਨ ਅਤੇ ਰਵਿੰਦਰ ਜਡੇਜਾ ਰੈਂਕਿੰਗ ’ਚ ਚੋਟੀ ’ਤੇ ਰਹਿਣ ’ਚ ਸਫਲ ਰਹੇ ਹਨ। ਬੁਮਰਾਹ ਨੇ ਅਸ਼ਵਿਨ ਦੀ ਥਾਂ ਲਈ ਹੈ, ਜੋ ਪਿਛਲੇ 11 ਮਹੀਨਿਆਂ ਤੋਂ ਚੋਟੀ ’ਤੇ ਸਨ।
ਟੈਸਟ ਮੈਚਾਂ ’ਚ 499 ਵਿਕਟਾਂ ਲੈਣ ਵਾਲੇ ਅਸ਼ਵਿਨ ਤੀਜੇ ਸਥਾਨ ’ਤੇ ਖਿਸਕ ਗਏ ਹਨ। ਬੁਮਰਾਹ ਦੇ 881 ਰੇਟਿੰਗ ਅੰਕ ਹਨ। ਉਹ ਅਸ਼ਵਿਨ (904) ਅਤੇ ਜਡੇਜਾ (899) ਤੋਂ ਬਾਅਦ ਸੱਭ ਤੋਂ ਵੱਧ ਰੇਟਿੰਗ ਅੰਕ ਹਾਸਲ ਕਰਨ ਦੇ ਮਾਮਲੇ ਵਿਚ ਚੌਥੇ ਸਥਾਨ ’ਤੇ ਹਨ। ਅਸ਼ਵਿਨ ਅਤੇ ਜਡੇਜਾ ਮਾਰਚ 2017 ’ਚ ਸਾਂਝੇ ਤੌਰ ’ਤੇ ਚੋਟੀ ’ਤੇ ਸਨ।
ਬੱਲੇਬਾਜ਼ਾਂ ਦੀ ਸੂਚੀ ’ਚ ਵਿਸ਼ਾਖਾਪਟਨਮ ’ਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 37 ਸਥਾਨ ਦੇ ਫਾਇਦੇ ਨਾਲ 29ਵੇਂ ਸਥਾਨ ’ਤੇ ਪਹੁੰਚ ਗਏ ਹਨ, ਜਦਕਿ ਦੂਜੀ ਪਾਰੀ ’ਚ ਸੈਂਕੜਾ ਲਗਾਉਣ ਤੋਂ ਬਾਅਦ ਸ਼ੁਭਮਨ ਗਿੱਲ 14 ਸਥਾਨ ਦੇ ਫਾਇਦੇ ਨਾਲ ਕਰੀਅਰ ਦੀ ਸਰਬੋਤਮ 38ਵੀਂ ਰੈਂਕਿੰਗ ’ਤੇ ਪਹੁੰਚ ਗਏ ਹਨ।
ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜ਼ੈਕ ਕ੍ਰਾਉਲੀ ਵਿਸ਼ਾਖਾਪਟਨਮ ਟੈਸਟ ਤੋਂ ਬਾਅਦ ਅੱਠ ਸਥਾਨ ਦੇ ਸੁਧਾਰ ਨਾਲ 22ਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਭਾਰਤ ਵਿਰੁਧ ਦੂਜੇ ਟੈਸਟ ’ਚ 76 ਅਤੇ 73 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਨੌਜੁਆਨ ਲੈਗ ਸਪਿਨਰ ਰੇਹਾਨ ਅਹਿਮਦ 14 ਸਥਾਨ ਦੇ ਫਾਇਦੇ ਨਾਲ 70ਵੇਂ ਸਥਾਨ ’ਤੇ ਪਹੁੰਚ ਗਏ ਹਨ ਜਦਕਿ ਅਪਣੇ ਸ਼ੁਰੂਆਤੀ ਦੋ ਟੈਸਟ ਮੈਚਾਂ ’ਚ 50 ਦੌੜਾਂ ਅਤੇ ਪੰਜ ਵਿਕਟਾਂ ਲੈਣ ਵਾਲੇ ਇੰਗਲੈਂਡ ਦੇ ਦੂਜੇ ਖਿਡਾਰੀ ਬਣੇ ਟੌਮ ਹਾਰਟਲੇ ਦੋਹਾਂ ਸੂਚੀਆਂ ’ਚ ਸੁਧਾਰ ਕਰਨ ’ਚ ਸਫਲ ਰਹੇ ਹਨ। ਉਹ ਬੱਲੇਬਾਜ਼ਾਂ ਦੀ ਰੈਂਕਿੰਗ ’ਚ 103ਵੇਂ ਤੋਂ 95ਵੇਂ ਅਤੇ ਗੇਂਦਬਾਜ਼ੀ ਰੈਂਕਿੰਗ ’ਚ 63ਵੇਂ ਤੋਂ 53ਵੇਂ ਸਥਾਨ ’ਤੇ ਪਹੁੰਚ ਗਏ ਹਨ। ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਗਏ ਮੈਚ ਨੂੰ ਵੀ ਇਸ ਰੈਂਕਿੰਗ ਵਿਚ ਸ਼ਾਮਲ ਕੀਤਾ ਗਿਆ ਹੈ। ਮੈਚ ’ਚ ਅੱਠ ਵਿਕਟਾਂ ਲੈਣ ਵਾਲੇ ਸ਼੍ਰੀਲੰਕਾ ਦੇ ਪ੍ਰਭਾਤ ਜੈਸੂਰੀਆ ਤਿੰਨ ਸਥਾਨ ਦੇ ਸੁਧਾਰ ਨਾਲ ਕਰੀਅਰ ਦੀ ਸਰਬੋਤਮ ਛੇਵੀਂ ਰੈਂਕਿੰਗ ’ਤੇ ਪਹੁੰਚ ਗਏ ਹਨ।