
ਸਰਨੋਬਤ-ਈਸ਼ਾ ਅਤੇ ਰਿਦਮ ਦੀ ਤਿਕੜੀ ਨੇ ਗੋਲਡਨ ਟੀਚਾ ਕੀਤਾ ਹਾਸਲ
ਨਵੀਂ ਦਿੱਲੀ - ਭਾਰਤੀ ਮਹਿਲਾ ਨਿਸ਼ਾਨੇਬਾਜ਼ ਰਾਹੀ ਸਰਨੋਬਤ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ ਆਈਐਸਐਸਐਫ ਵਿਸ਼ਵ ਕੱਪ ਵਿਚ ਦੇਸ਼ ਲਈ ਤੀਜਾ ਸੋਨ ਤਮਗ਼ਾ ਜਿੱਤਿਆ। ਭਾਰਤੀ ਤਿਕੜੀ ਨੇ ਐਤਵਾਰ ਨੂੰ ਵਿਸ਼ਵ ਕੱਪ ਵਿਚ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਿਆ। ਇਸ ਨਾਲ ਭਾਰਤ ਤਿੰਨ ਸੋਨ ਤਮਗ਼ਿਆਂ ਸਮੇਤ ਕੁੱਲ ਪੰਜ ਤਮਗ਼ਿਆਂ ਨਾਲ ਸੂਚੀ ਵਿਚ ਦੂਜੇ ਸਥਾਨ ’ਤੇ ਬਰਕਰਾਰ ਹੈ।
ਭਾਰਤੀ ਟੀਮ ਨੇ ਕੁਆਲੀਫਿਕੇਸ਼ਨ ਰਾਊਂਡ 2 ਵਿਚ 574 ਦਾ ਸਕੋਰ ਬਣਾਏ ਅਤੇ ਫਾਈਨਲ ਵਿਚ ਪਹੁੰਚ ਗਈ। ਇਸ ਤੋਂ ਬਾਅਦ ਖਿਤਾਬੀ ਮੁਕਾਬਲੇ ਵਿਚ ਸਿੰਗਾਪੁਰ ਨੂੰ 17-13 ਨਾਲ ਹਰਾ ਕੇ ਦੇਸ਼ ਨੂੰ ਟੂਰਨਾਮੈਂਟ ਵਿਚ ਤੀਜਾ ਸੋਨ ਤਮਗ਼ਾ ਦਿਵਾਇਆ। ਭਾਰਤੀ ਤਿਕੜੀ ਨੇ ਸ਼ਨੀਵਾਰ ਨੂੰ ਦੂਜੇ ਕੁਆਲੀਫਿਕੇਸ਼ਨ ਪੜਾਅ 'ਚ ਸਿਖਰ 'ਤੇ ਰਹਿ ਕੇ ਖਿਤਾਬੀ ਦੌਰ ਲਈ ਕੁਆਲੀਫਾਈ ਕੀਤਾ।
ਵਿਸ਼ਵ ਕੱਪ 'ਚ ਈਸ਼ਾ ਦਾ ਇਹ ਦੂਜਾ ਸੋਨ ਤਮਗ਼ਾ ਅਤੇ ਤੀਜਾ ਤਮਗਾ ਸੀ। ਉਸ ਨੇ ਇਸ ਤੋਂ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਅਤੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਦਿਨ ਦੇ ਹੋਰ ਮੈਚਾਂ ਵਿਚ, ਭਾਰਤੀ ਨਿਸ਼ਾਨੇਬਾਜ਼ਾਂ ਸ਼੍ਰੀਯੰਕਾ ਸਦਾਂਗੀ ਅਤੇ ਅਖਿਲ ਸ਼ੈਰੋਨ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮਿਕਸਡ ਟੀਮ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ। ਭਾਰਤੀ ਜੋੜੀ 34 ਟੀਮਾਂ ਵਿਚੋਂ ਪੰਜਵੇਂ ਸਥਾਨ ’ਤੇ ਰਹੀ। ਇਸ ਤੋਂ ਬਾਅਦ ਉਹ ਅੱਠ ਜੋੜੀਆਂ 'ਚ ਤੀਜੇ ਸਥਾਨ 'ਤੇ ਰਹੀ। ਉਸ ਨੇ ਆਸਟਰੀਆ ਦੀ ਗਰਨੋਟ ਰੰਪਲਰ ਅਤੇ ਰੇਬੇਕਾ ਕੋਏਕ ਨੂੰ ਹਰਾਇਆ।