
ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਹਾਸਲ ਕੀਤੀਆਂ 3 ਵਿਕਟਾਂ
ਫ਼ੈਸਲਾਕੁਨ ਮੈਚ ਵਿੱਚ ਸ੍ਰੀਲੰਕਾ ਨੂੰ 91 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ : ਭਾਰਤ ਨੇ ਤੀਜੇ ਟੀ-20 ਵਿੱਚ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਕੇ ਜਿੱਤ ਆਪਣੇ ਨਾਮ ਕਰ ਲਈ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਉਸ ਨੇ ਮੁੰਬਈ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਵੀ ਜਿੱਤ ਦਰਜ ਕੀਤੀ ਸੀ। ਸ੍ਰੀਲੰਕਾ ਦੀ ਇੱਕੋ-ਇੱਕ ਜਿੱਤ ਪੁਣੇ ਵਿੱਚ ਹੋਈ ਸੀ।
ਦੱਸ ਦੇਈਏ ਕਿ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਗਿਆ। ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਪੰਜ ਵਿਕਟਾਂ 'ਤੇ 228 ਦੌੜਾਂ ਬਣਾਈਆਂ। ਜਵਾਬ 'ਚ ਲੰਕਾਈ ਟੀਮ 16.4 ਓਵਰਾਂ 'ਚ 137 ਦੌੜਾਂ 'ਤੇ ਸਿਮਟ ਗਈ।
ਭਾਰਤ ਵੱਲੋਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ। ਸੂਰਿਆਕੁਮਾਰ ਯਾਦਵ ਨੇ ਨਾਬਾਦ ਸੈਂਕੜਾ ਜੜਦਿਆਂ ਭਾਰਤ ਦਾ ਸਕੋਰ ਪੰਜ ਵਿਕਟਾਂ ’ਤੇ 228 ਦੌੜਾਂ ਤੱਕ ਪਹੁੰਚਾਇਆ। ਯਾਦਵ ਨੇ 51 ਗੇਂਦਾਂ ’ਤੇ 7 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 112 ਦੌੜਾਂ ਦੀ ਪਾਰੀ ਖੇਡੀ। ਟੀਮ ਨੂੰ ਨਿਰਧਾਰਤ 20 ਓਵਰਾਂ ਵਿੱਚ 228 ਦੌੜਾਂ ਤੱਕ ਪਹੁੰਚਾਉਣ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 46 ਦੌੜਾਂ, ਰਾਹੁਲ ਤ੍ਰਿਪਾਠੀ ਨੇ 35 ਅਤੇ ਅਕਸ਼ਰ ਪਟੇਲ ਨੇ 21 ਦੌੜਾਂ ਦਾ ਯੋਗਦਾਨ ਦਿੱਤਾ।
ਸ੍ਰੀਲੰਕਾ ਵੱਲੋਂ ਦਿਲਸ਼ਾਨ ਮਧੂਸ਼ਨਾਕਾ ਨੇ 2 ਵਿਕਟਾਂ ਲਈਆਂ ਜਦਕਿ ਕੁਸਾਨ ਰਾਜਿਤ, ਵਾਨਿੰਦੂ ਹਸਰੰਗਾ ਅਤੇ ਚਾਮਿਕਾ ਕਰੁਨਾਰਤਨੇ ਨੂੰ ਇੱਕ ਇੱਕ ਵਿਕਟ ਮਿਲੀ। ਜਿੱਤ ਲਈ ਮਿਲੇ 229 ਦੌੜਾਂ ਦੇ ਟੀਚੇ ਪਿੱਛਾ ਕਰਦਿਆਂ ਸ੍ਰੀਲੰਕਾ ਵੱਲੋਂ ਕਪਤਾਨ ਦਸੁਨ ਸ਼ਨਾਕਾ ਤੇ ਵਿਕਟਕੀਪਰ ਬੱਲੇਬਾਜ਼ ਕੁਸਲ ਮੈਂਡਿਸ ਨੇ 23-23 ਦੌੜਾਂ, ਧਨੰਜੈ ਡੀਸਿਲਵਾ ਨੇ 22, ਚਾਰਿਥ ਅਸਾਲੇਂਕਾ ਨੇ 19 ਅਤੇ ਪਥੁਮ ਨਿਸਾਂਕਾ ਨੇ 15 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ। ਭਾਰਤੀ ਗੇਂਦਬਾਜ਼ਾਂ ਹਾਰਦਿਕ ਪਾਂਡਿਆ, ਉਮਰਾਨ ਮਲਿਕ ਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਲਈਆਂ ਜਦਕਿ ਅਕਸ਼ਰ ਪਟੇਲ ਨੂੰ ਇੱਕ ਵਿਕਟ ਮਿਲੀ। ਸੂਰਿਆਕੁਮਾਰ ਯਾਦਵ ਨੂੰ ‘ਪਲੇਅਰ ਆਫ ਦਿ ਮੈਚ’ ਅਤੇ ਅਕਸ਼ਰ ਪਟੇਲ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ।