
ਸ਼੍ਰੀਜੇਸ਼ ਨੇ ਗੋਲ ਪੋਸਟ ਦੇ ਬਾਰ 'ਤੇ ਬੈਠ ਕੇ ਸਿਗਨੇਚਰ ਪੋਜ਼ ਦੇ ਕੇ ਹਾਕੀ ਨੂੰ ਕਿਹਾ ਅਲਵਿਦਾ, ਕਪਤਾਨ ਹਰਮਨਪ੍ਰੀਤ ਸਿੰਘ ਨੇ ਮੋਢੇ 'ਤੇ ਚੁੱਕਿਆ
PR Sreejesh : ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੂਰੇ ਭਾਰਤ ਨੂੰ ਇੱਕ ਵੱਡਮੁੱਲਾ ਤੋਹਫ਼ਾ ਦਿੱਤਾ ਹੈ। ਟੀਮ ਨੇ ਸਪੇਨ ਦੇ ਖਿਲਾਫ ਮੈਚ ਵਿੱਚ 2-1 ਨਾਲ ਜਿੱਤ ਦਰਜ ਕੀਤੀ, ਜੋ ਕਾਂਸੀ ਦੇ ਤਗਮੇ ਲਈ ਮੁਕਾਬਲਾ ਸੀ। ਇਸ ਨਾਲ ਪੈਰਿਸ ਓਲੰਪਿਕ 'ਚ ਭਾਰਤ ਦਾ ਇਹ ਚੌਥਾ ਅਤੇ ਓਲੰਪਿਕ ਦੇ ਇਤਿਹਾਸ 'ਚ ਭਾਰਤ ਦਾ 13ਵਾਂ ਤਮਗਾ ਸੀ।
ਭਾਰਤੀ ਹਾਕੀ ਟੀਮ ਦੇ ਦੀਵਾਰ ਕਹੇ ਜਾਣ ਵਾਲੇ ਪੀਆਰ ਸ੍ਰੀਜੇਸ਼ ਦਾ ਇਹ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਸੀ। ਟੀਮ ਨੇ ਜਿੱਤ ਦੇ ਨਾਲ ਸ਼੍ਰੀਜੇਸ਼ ਨੂੰ ਵਿਦਾਈ ਦਿੱਤੀ। ਜਿਵੇਂ ਹੀ ਭਾਰਤ ਨੇ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਤਾਂ ਪੂਰੇ ਦੇਸ਼ ਨੇ ਖੁਸ਼ੀ ਮਨਾਈ।
ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਪੀਆਰ ਸ਼੍ਰੀਜੇਸ਼ ਤਾਂ ਮੈਦਾਨ 'ਤੇ ਲੇਟ ਅਤੇ ਗੋਲ ਪੋਸਟ ਨੂੰ ਪ੍ਣਾਮ ਕੀਤਾ। ਇਸ ਤੋਂ ਬਾਅਦ ਉਸ ਨੇ ਛਾਲ ਮਾਰ ਕੇ ਗੋਲ ਪੋਸਟ ਦੇ ਬਾਰ 'ਤੇ ਬੈਠ ਕੇ ਸਿਗਨੇਚਰ ਪੋਜ਼ ਦਿੱਤਾ। ਟੀਮ ਦੇ ਸਾਰੇ ਖਿਡਾਰੀਆਂ ਨੇ ਉਸ ਨੂੰ ਸਲੂਟ ਕੀਤਾ।
ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤ ਨੂੰ ਕਾਂਸੀ ਦਾ ਤਗ਼ਮਾ ਦਿਵਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਸ੍ਰੀਜੇਸ਼ ਦੀਵਾਰ ਬਣ ਕੇ ਡਟੇ ਰਹੇ ਅਤੇ ਵਿਰੋਧੀਆਂ ਨੂੰ ਗੋਲ ਕਰਨ ਲਈ ਤਰਸਾ ਦਿੱਤਾ। ਭਾਰਤ ਲਈ ਅੱਧੇ ਤੋਂ ਵੱਧ ਗੋਲ ਹਰਮਨਪ੍ਰੀਤ ਸਿੰਘ ਨੇ ਕੀਤੇ। ਇਨ੍ਹਾਂ ਦੋਵਾਂ ਵਿਚਾਲੇ ਜੁਗਲਬੰਦੀ ਉਦੋਂ ਦੇਖਣ ਨੂੰ ਮਿਲੀ ਜਦੋਂ ਪੀਆਰ ਸ਼੍ਰੀਜੇਸ਼ ਨੇ ਆਪਣਾ ਆਖਰੀ ਮੈਚ ਖੇਡਿਆ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਉਸ ਨੂੰ ਆਪਣੇ ਮੋਢੇ 'ਤੇ ਬਿਠਾ ਲਿਆ। ਇਹ ਨਜ਼ਾਰਾ ਦੇਖ ਕੇ ਹਰਮਨਪ੍ਰੀਤ ਸਿੰਘ, ਪੀਆਰ ਸ੍ਰੀਜੇਸ਼ ਦੇ ਨਾਲ-ਨਾਲ ਟੀਵੀ ਦੇ ਸਾਹਮਣੇ ਬੈਠੇ ਕਰੋੜਾਂ ਭਾਰਤੀਆਂ ਦੀਆਂ ਅੱਖਾਂ ਨਮ ਹੋ ਗਈਆਂ।
ਸ਼੍ਰੀਜੇਸ਼ ਅਤੇ ਹਰਮਨਪ੍ਰੀਤ ਨੇ ਨਿਭਾਈਆਂ ਅਹਿਮ ਭੂਮਿਕਾਵਾਂ
ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼੍ਰੀਜੇਸ਼ ਨੇ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕ 'ਚ ਸੋਨ ਤਮਗਾ ਜਿੱਤ ਕੇ ਸ਼੍ਰੀਜੇਸ਼ ਨੂੰ ਵਿਦਾਇਗੀ ਦੇਣ ਦਾ ਇਕਮਾਤਰ ਟੀਚਾ ਬਣਾ ਲਿਆ। ਸੈਮੀਫਾਈਨਲ 'ਚ ਜਰਮਨੀ ਨੇ ਸੁਪਨਾ ਤੋੜਿਆ ਤਾਂ ਸਪੇਨ ਤੋਂ ਇਸ ਦਾ ਬਦਲਾ ਲੈ ਲਿਆ। ਆਪਣੇ 18 ਸਾਲ ਦੇ ਲੰਬੇ ਕਰੀਅਰ 'ਚ 'ਮਜ਼ਬੂਤ ਦੀਵਾਰ' ਵਾਂਗ ਉਭਰੇ ਕੇਰਲ ਦੇ ਸ਼੍ਰੀਜੇਸ਼ ਨੂੰ ਸ਼ਾਇਦ ਭਾਰਤੀ ਹਾਕੀ ਇਤਿਹਾਸ ਦਾ ਸਭ ਤੋਂ ਮਹਾਨ ਗੋਲਕੀਪਰ ਮੰਨਿਆ ਜਾਵੇਗਾ। ਸਪੇਨ ਦੇ ਖਿਲਾਫ ਇਸ ਮੈਚ ਵਿੱਚ ਪੀਆਰ ਸ਼੍ਰੀਜੇਸ਼ ਨੇ 6 ਵਿੱਚੋਂ ਪੰਜ ਗੋਲ ਬਚਾਏ। ਮੈਚ ਤੋਂ ਬਾਅਦ ਉਸਨੇ ਆਪਣੇ ਦੇਸ਼ ਵਾਸੀਆਂ ਦੇ ਭਰੋਸੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਜਿੱਤ ਨਾਲ ਭਾਰਤ ਲਈ 336 ਮੈਚ ਖੇਡਣ ਵਾਲੇ ਸ਼੍ਰੀਜੇਸ਼ ਨੇ ਅੰਤਰਰਾਸ਼ਟਰੀ ਹਾਕੀ ਨੂੰ ਅਲਵਿਦਾ ਕਹਿ ਦਿੱਤਾ। ਅੱਠ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਦਾ ਇਹ 13ਵਾਂ ਓਲੰਪਿਕ ਤਮਗਾ ਹੈ। ਭਾਰਤ ਨੇ 52 ਸਾਲਾਂ ਬਾਅਦ ਲਗਾਤਾਰ ਦੋ ਓਲੰਪਿਕ ਤਮਗੇ ਜਿੱਤੇ ਹਨ। ਇਸ ਤੋਂ ਪਹਿਲਾਂ ਭਾਰਤ ਨੇ 1968 ਵਿੱਚ ਮੈਕਸੀਕੋ ਓਲੰਪਿਕ ਅਤੇ 1972 ਵਿੱਚ ਮਿਊਨਿਖ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਿਆ ਸੀ।