
21 ਸਾਲਾਂ ਦੇ ਜੈਕ ਫ਼ਰੇਜ਼ਰ ਨੇ ਦਖਣੀ ਅਫਰੀਕਾ ਦੇ ਏ.ਬੀ. ਡਿਵਿਲੀਅਰਸ ਦਾ ਰੀਕਾਰਡ (31 ਗੇਂਦਾਂ ’ਚ ਸੈਂਕੜਾ) ਤੋੜਿਆ
ਐਡੀਲੇਡ: ਦੱਖਣੀ ਆਸਟਰੇਲੀਆ ਦੇ ਜੈਕ ਫਰੇਜ਼ਰ ਮੈਕਗਰਕ ਨੇ ਲਿਸਟ-ਏ ਕ੍ਰਿਕਟ ’ਚ ਸਭ ਤੋਂ ਤੇਜ਼ ਸੈਂਕੜਾ ਜੜ ਕੇ ਤਸਮਾਨੀਆ ਵਿਰੁਧ ਇਕ ਦਿਨਾ ਮੈਚ ’ਚ ਸਿਰਫ 29 ਗੇਂਦਾਂ ’ਚ ਤੀਹਰੇ ਅੰਕ ਨੂੰ ਛੂਹ ਲਿਆ ਹੈ।
ਉਸ ਨੇ ਅੱਠਵੇਂ ਓਵਰ ’ਚ ਅਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇਹ ਰੀਕਾਰਡ ਦਖਣੀ ਅਫਰੀਕਾ ਦੇ ਏ.ਬੀ. ਡਿਵਿਲੀਅਰਸ ਦੇ ਨਾਂ ਸੀ ਜਿਸ ਨੇ 2015 ’ਚ ਵੈਸਟ ਇੰਡੀਜ਼ ਵਿਰੁਧ 31 ਗੇਂਦਾਂ ’ਚ ਸੈਂਕੜਾ ਲਗਾਇਆ ਸੀ।
21 ਸਾਲਾਂ ਦੇ ਆਸਟ੍ਰੇਲੀਆਈ ਬੱਲੇਬਾਜ਼ ਨੇ 18 ਗੇਂਦਾਂ ’ਚ ਅਪਣਾ ਅੱਧਾ ਸੈਂਕੜਾ ਪੂਰਾ ਕੀਤਾ ਸੀ ਅਤੇ ਅਗਲਾ ਅਰਧ ਸੈਂਕੜਾ ਸਿਰਫ 11 ਗੇਂਦਾਂ ’ਚ ਪੂਰਾ ਕਰ ਲਿਆ। ਉਸ ਨੇ ਸਿਰਫ਼ ਇਕ ਓਵਰ ’ਚ 32 ਦੌੜਾਂ ਬਣਾਈਆਂ। ਉਹ ਆਖਰਕਾਰ 38 ਗੇਂਦਾਂ ’ਚ 125 ਦੌੜਾਂ ਬਣਾ ਕੇ ਆਊਟ ਹੋ ਗਿਆ ਜਿਸ ’ਚ ਦਸ ਚੌਕੇ ਅਤੇ 13 ਛੱਕੇ ਸ਼ਾਮਲ ਸਨ।