
ਤਿੰਨੋਂ ਖਿਡਾਰੀ ਪਿਤਾ ਬਲਵਿੰਦਰ ਸਿੰਘ ਦੇ ਕੋਲ ਹੀ ਸਿਖਲਾਈ ਲੈਂਦੇ ਹਨ
ਰੂਪਨਗਰ: ਪਿੰਡ ਸਮੂੰਦੀਆਂ ਦੇ ਤਿੰਨ ਭੈਣ-ਭਰਾ ਪੰਜਾਬ ਅਥਲੈਟਿਕਸ ਟੀਮ ਵਿੱਚ ਚੁਣੇ ਗਏ ਹਨ। ਉਹ 11 ਤੋਂ 15 ਨਵੰਬਰ ਤੱਕ ਗੁਹਾਟੀ ਵਿੱਚ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਮੁਕਾਬਲੇ ਦੇ ਸ਼ਾਟ ਪੁਟ ਵਿੱਚ ਭਾਗ ਲੈਣਗੇ।
ਤਿੰਨੋਂ ਭੈਣ-ਭਰਾਵਾਂ ਨੇ ਸ਼ਾਟ ਪੁਟ 'ਚ ਸੋਨ ਤਮਗਾ ਜਿੱਤ ਕੇ ਪੰਜਾਬ ਦੀ ਟੀਮ 'ਚ ਜਗ੍ਹਾ ਪੱਕੀ ਕੀਤੀ ਹੈ। ਵੱਡੀ ਭੈਣ ਜੈਸਮੀਨ ਕੌਰ ਪਹਿਲਾਂ ਹੀ ਨੈਸ਼ਨਲ ਚੈਂਪੀਅਨ ਅਤੇ ਰਿਕਾਰਡ ਹੋਲਡਰ ਖਿਡਾਰਨ ਹੈ। ਜੈਸਮੀਨ ਅੰਡਰ-20 ਵਰਗ ਵਿੱਚ ਭਾਗ ਲਵੇਗੀ। ਉਹ 15 ਮੀਟਰ ਦੇ ਕਰੀਬ ਥਰੋਅ ਸੁੱਟਦੀ ਹੈ।
2018 'ਚ ਰਾਂਚੀ 'ਚ ਹੋਈਆਂ ਰਾਸ਼ਟਰੀ ਖੇਡਾਂ ਦੇ ਅੰਡਰ-16 'ਚ ਉਸ ਨੇ 14.27 ਮੀਟਰ ਦੀ ਥਰੋਅ ਨਾਲ ਸੋਨ ਅਤੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ। ਜੈਸਮੀਨ ਐਲਪੀਯੂ ਵਿੱਚ ਬੀਏ ਦੀ ਵਿਦਿਆਰਥਣ ਹੈ ਅਤੇ ਲਗਾਤਾਰ ਤਿੰਨ ਸਾਲਾਂ ਤੋਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਸੋਨ ਤਮਗਾ ਜਿੱਤ ਰਹੀ ਹੈ।
ਛੋਟੀ ਭੈਣ ਗੁਰਲੀਨ ਕੌਰ ਦੋ ਕੌਮੀ ਤਗਮੇ ਜਿੱਤ ਚੁੱਕੀ ਹੈ ਅਤੇ ਇਸ ਵਾਰ ਉਹ ਅੰਡਰ-18 ਦੇ ਕੌਮੀ ਮੁਕਾਬਲੇ ਵਿੱਚ ਭਾਗ ਲਵੇਗੀ। ਗੁਰਲੀਨ ਨੇ 15 ਮੀਟਰ ਦੇ ਕਰੀਬ ਥਰੋਅ ਵੀ ਕੀਤੀ ਅਤੇ ਸਾਲ 2019 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਗੁਹਾਟੀ ਵਿੱਚ ਸਕੂਲ ਨੈਸ਼ਨਲ ਦੀ ਚਾਂਦੀ ਦਾ ਤਗਮਾ ਅਤੇ ਕਾਂਸੀ ਦਾ ਤਗਮਾ ਜਿੱਤਿਆ।
ਭਰਾ ਬਲਕਰਨ ਸਿੰਘ ਨੈਸ਼ਨਲ ਖੇਡਾਂ ਦੇ ਅੰਡਰ-14 ਵਰਗ ਵਿੱਚ ਭਾਗ ਲੈਣਗੇ, ਉਹ ਪਹਿਲੀ ਵਾਰ ਨੈਸ਼ਨਲਜ਼ ਵਿੱਚ ਜਾ ਰਹੇ ਹਨ। ਬਲਕਰਨ ਨੇ ਅੰਡਰ-14 ਪੰਜਾਬ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਹੈ।
ਤਿੰਨੋਂ ਭੈਣ-ਭਰਾ ਬਿਹਤਰ ਐਥਲੀਟ ਹਨ। ਉਹ ਖੇਡ ਵਤਨ ਪੰਜਾਬ ਦੀਆ ਵਿੱਚ ਵੀ ਸੋਨ ਤਗਮਾ ਜਿੱਤ ਚੁੱਕੇ ਹਨ। ਤਿੰਨੋਂ ਖਿਡਾਰੀ ਪਿਤਾ ਬਲਵਿੰਦਰ ਸਿੰਘ ਦੇ ਕੋਲ ਹੀ ਸਿਖਲਾਈ ਲੈਂਦੇ ਹਨ। ਉਹ ਉੱਥੇ ਇੱਕ ਪ੍ਰਾਈਵੇਟ ਸਕੂਲ ਵਿੱਚ ਸਪੋਰਟਸ ਅਕੈਡਮੀ ਵੀ ਚਲਾਉਂਦੇ ਹਨ।