
ਇੰਗਲੈਂਡ ਨੇ ਤਾਲਿਕਾ ’ਚ ਸੱਤਵੇਂ ਸਥਾਨ ’ਤੇ ਪਹੁੰਚ ਕੇ ਚੈਂਪੀਅਨਜ਼ ਟਰਾਫੀ ਲਈ ਅਪਣਾ ਦਾਅਵਾ ਮਜ਼ਬੂਤ ਕਰ ਲਿਆ
Cricket World Cup 2023 : ਬੈਨ ਸਟੋਕਸ ਦੀ ਹਮਲਾਵਰ ਦੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਇੰਗਲੈਂਡ ਨੇ ਕ੍ਰਿਕੇਟ ਵਿਸ਼ਵ ਕੱਪ ਮੈਚ ’ਚ ਨੀਦਰਲੈਂਡਸ ਨੂੰ 160 ਦੌੜਾਂ ਹਰਾ ਕੇ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ।
ਦੋਵੇਂ ਟੀਮਾਂ ਖ਼ਿਤਾਬ ਦੀ ਦੌੜ ਤੋਂ ਬਾਹਰ ਹਨ ਪਰ ਪਾਕਿਸਤਾਨ ਨੂੰ ਛੱਡ ਕੇ ਵਿਸ਼ਵ ਕੱਪ ’ਚ ਚੋਟੀ ਦੇ ਸੱਤ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨਗੀਆਂ। ਮੌਜੂਦਾ ਚੈਂਪੀਅਨ ਟੀਮ ਇਸ ਮੈਚ ਤੋਂ ਪਹਿਲਾਂ 10ਵੇਂ ਸਥਾਨ ’ਤੇ ਸੀ ਪਰ ਵੱਡੀ ਜਿੱਤ ਤੋਂ ਬਾਅਦ ਇੰਗਲੈਂਡ ਨੇ ਤਾਲਿਕਾ ’ਚ ਸੱਤਵੇਂ ਸਥਾਨ ’ਤੇ ਪਹੁੰਚ ਕੇ ਚੈਂਪੀਅਨਜ਼ ਟਰਾਫੀ ਲਈ ਅਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ।
ਸਟੋਕਸ ਨੇ 83 ਗੇਂਦਾਂ ’ਤੇ 108 ਦੌੜਾਂ ਦੀ ਅਪਣੀ ਪਾਰੀ ਦੌਰਾਨ ਛੇ ਛੱਕੇ ਅਤੇ ਇੰਨੇ ਹੀ ਚੌਕੇ ਲਗਾਏ ਜਿਸ ਨਾਲ ਇੰਗਲੈਂਡ ਨੇ ਨੀਦਰਲੈਂਡ ਦੀ ਪਾਰੀ ਨੂੰ 37.2 ਓਵਰਾਂ ’ਚ 179 ਦੌੜਾਂ ’ਤੇ ਸਮੇਟ ਕੇ ਨੌਂ ਵਿਕਟਾਂ 'ਤੇ 339 ਦੌੜਾਂ ਬਣਾ ਲਈਆਂ। ਇੰਗਲੈਂਡ ਲਈ ਮੋਇਨ ਅਲੀ ਅਤੇ ਰਾਸ਼ਿਦ ਖਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਨੀਦਰਲੈਂਡ ਲਈ ਤੇਜਾ ਨਦਾਮਨੁਰੂ ਨੇ 34 ਗੇਂਦਾਂ 'ਚ ਅਜੇਤੂ 41 ਦੌੜਾਂ ਬਣਾਈਆਂ ਪਰ ਉਨ੍ਹਾਂ ਨੂੰ ਕਪਤਾਨ ਸਕਾਟ ਐਡਵਰਡ (42 ਗੇਂਦਾਂ 'ਚ 38 ਦੌੜਾਂ) ਤੋਂ ਇਲਾਵਾ ਕਿਸੇ ਹੋਰ ਦਾ ਸਾਥ ਨਹੀਂ ਮਿਲਿਆ। ਦੋਵਾਂ ਨੇ ਛੇਵੀਂ ਵਿਕਟ ਲਈ 50 ਗੇਂਦਾਂ ਵਿੱਚ 59 ਦੌੜਾਂ ਜੋੜੀਆਂ।
ਇਸ ਮੈਚ 'ਚ ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਨੇ 74 ਗੇਂਦਾਂ 'ਚ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 84 ਦੌੜਾਂ ਬਣਾ ਕੇ ਇੰਗਲੈਂਡ ਨੂੰ ਤੇਜ਼ ਸ਼ੁਰੂਆਤ ਦਿੱਤੀ, ਜਦਕਿ ਸਟੋਕਸ ਨੇ ਮੱਧਕ੍ਰਮ 'ਚ ਟੀਮ ਨੂੰ ਸਥਿਰਤਾ ਪ੍ਰਦਾਨ ਕਰਦੇ ਹੋਏ ਆਖਰੀ ਸਮੇਂ 'ਚ ਤੇਜ਼ੀ ਨਾਲ ਦੌੜਾਂ ਬਣਾਈਆਂ।
ਸਟੋਕਸ ਨੂੰ ਆਖ਼ਰੀ ਓਵਰਾਂ ਵਿੱਚ ਵੋਕਸ ਦਾ ਚੰਗਾ ਸਾਥ ਮਿਲਿਆ, ਜਿਸ ਨੇ 45 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਦੋਵਾਂ ਨੇ ਸੱਤਵੇਂ ਵਿਕਟ ਲਈ 81 ਗੇਂਦਾਂ ਵਿੱਚ 129 ਦੌੜਾਂ ਦੀ ਹਮਲਾਵਰ ਸਾਂਝੇਦਾਰੀ ਕੀਤੀ।
ਨੀਦਰਲੈਂਡ ਲਈ ਬਾਸ ਡੀ ਲੀਡੇ ਨੇ 74 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਆਰੀਅਨ ਦੱਤ ਅਤੇ ਲੋਗਨ ਵਾਨ ਬੀਨ ਨੇ ਦੋ-ਦੋ ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਨੀਦਰਲੈਂਡ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ ਇੱਕ ਵਾਰ ਫਿਰ ਟੀਮ ਨੂੰ ਚੰਗੀ ਸ਼ੁਰੂਆਤ ਦੇਣ ਵਿੱਚ ਨਾਕਾਮ ਰਹੇ।
ਪੰਜਵੇਂ ਓਵਰ 'ਚ ਮੈਕਸ ਓ'ਡਾਊਡ (ਪੰਜ) ਨੂੰ ਕ੍ਰਿਸ ਵੋਕਸ ਨੇ ਆਊਟ ਕੀਤਾ ਅਤੇ ਛੇਵੇਂ ਓਵਰ 'ਚ ਕੋਲਿਨ ਐਕਰਮੈਨ ਡੇਵਿਡ ਵਿਲੀ ਦੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਵਿਕਟਕੀਪਰ ਜੋਸ ਬਟਲਰ ਹੱਥੋਂ ਕੈਚ ਆਊਟ ਹੋ ਗਏ।
ਓਪਨਰ ਵੇਸਲੇ ਬਰੇਸੀ ਨੇ ਦੂਜੇ ਸਿਰੇ ਤੋਂ ਕੁਝ ਚੰਗੇ ਸ਼ਾਟ ਲਗਾਏ। ਉਸ ਨੇ 14ਵੇਂ ਓਵਰ 'ਚ ਮੋਇਨ ਦੇ ਖਿਲਾਫ ਲਗਾਤਾਰ ਗੇਂਦਾਂ 'ਤੇ ਛੱਕੇ ਅਤੇ ਚੌਕੇ ਲਗਾ ਕੇ ਟੀਮ ਦੀਆਂ ਦੌੜਾਂ ਦਾ ਅਰਧ ਸੈਂਕੜਾ ਪੂਰਾ ਕੀਤਾ। ਕ੍ਰੀਜ਼ 'ਤੇ ਉਸ ਦੇ ਨਾਲ ਮੌਜੂਦ ਸਾਈਬ੍ਰੈਂਡ ਏਂਗਲਬ੍ਰੈਚਟ ਨੇ ਗਸ ਐਟਕਿੰਸਨ ਦੀ ਗੇਂਦ ਨੂੰ ਦਰਸ਼ਕਾਂ ਵੱਲ ਭੇਜ ਦਿੱਤਾ।
ਇਹ ਸਾਂਝੇਦਾਰੀ ਉਸ ਸਮੇਂ ਖ਼ਤਰਨਾਕ ਹੁੰਦੀ ਜਾ ਰਹੀ ਸੀ ਜਦੋਂ ਬਰੇਸੀ ਨੇ ਦੋ ਦੌੜਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਿਆਂ ਗ਼ਲਤੀ ਕੀਤੀ ਅਤੇ ਰਨ ਆਊਟ ਹੋ ਗਏ। ਉਸ ਨੇ 62 ਗੇਂਦਾਂ ਵਿੱਚ 37 ਦੌੜਾਂ ਬਣਾਈਆਂ।
ਕਪਤਾਨ ਬਟਲਰ ਨੇ 23ਵੇਂ ਓਵਰ 'ਚ ਫਿਰ ਗੇਂਦ ਡੇਵਿਡ ਵਿਲੀ ਨੂੰ ਸੌਂਪੀ ਅਤੇ ਇਸ ਗੇਂਦਬਾਜ਼ ਨੇ 33 ਦੌੜਾਂ 'ਤੇ ਏਂਗਲਬ੍ਰੈਕਟ ਦੀ ਪਾਰੀ ਦਾ ਅੰਤ ਕਰਕੇ ਆਪਣੇ ਫੈਸਲੇ ਨੂੰ ਸਹੀ ਸਾਬਤ ਕੀਤਾ।
ਆਦਿਲ ਰਾਸ਼ਿਦ ਨੇ ਡੀ ਲੀਡੇ (10) ਨੂੰ ਗੇਂਦਬਾਜ਼ੀ ਕਰ ਕੇ ਇੰਗਲੈਂਡ ਨੂੰ ਪੰਜਵੀਂ ਸਫਲਤਾ ਦਿਵਾਈ ਪਰ ਤੇਜਾ ਨਦਾਮਨੁਰੂ ਨੇ ਕ੍ਰੀਜ਼ 'ਤੇ ਆਉਂਦੇ ਹੀ ਇਕ ਚੌਕਾ ਅਤੇ ਫਿਰ ਛੱਕਾ ਲਗਾਇਆ। ਉਸਨੇ ਅਤੇ ਸਕਾਟ ਐਡਵਰਡਸ ਨੇ ਰਾਸ਼ਿਦ ਅਤੇ ਮੋਇਨ ਦੇ ਖਿਲਾਫ ਕੁਝ ਸ਼ਾਨਦਾਰ ਛੱਕੇ ਲਗਾ ਕੇ ਨੀਦਰਲੈਂਡ ਨੂੰ ਮੈਚ ਵਿੱਚ ਵਾਪਸ ਲਿਆਂਦਾ।
ਮੋਇਨ ਨੇ ਐਡਵਰਡਸ ਨੂੰ ਆਊਟ ਕਰਕੇ ਸਾਂਝੇਦਾਰੀ ਤੋੜਨ ਤੋਂ ਬਾਅਦ ਰੌਲਫ ਵੈਨ ਡੇਰ ਮੇਰਵੇ ਅਤੇ ਰਾਸ਼ਿਦ ਨੇ ਵੈਨ ਬੀਕ (ਦੋ) ਅਤੇ ਆਰੀਅਨ ਦੱਤ (ਇੱਕ) ਨੂੰ ਆਊਟ ਕਰਕੇ ਇੰਗਲੈਂਡ ਦੀ ਜਿੱਤ ਪੱਕੀ ਕੀਤੀ।
(For more news apart from Cricket World Cup 2023, stay tuned to Rozana Spokesman)