
3 ਮੈਚਾਂ ਦੀ ਸੀਰੀਜ਼ 'ਚ 2-0 ਦੀ ਜੇਤੂ ਲੀਡ
ਕਟਕ : ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਦੂਜੇ ਇਕ ਦਿਨਾ ਮੈਚ ’ਚ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਲੀਡ ਬਣਾ ਲਈ ਹੈ।ਰੋਹਿਤ ਨੇ ਇਕ ਦਿਨਾ ਮੈਚਾਂ ਵਿਚ ਅਪਣਾ 32ਵਾਂ ਸੈਂਕੜਾ ਲਗਾਇਆ ਅਤੇ ਭਾਰਤ ਨੂੰ 305 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਕੀਤੀ। ਉਹ 90 ਗੇਂਦਾਂ ’ਚ 12 ਚੌਕੇ ਅਤੇ 7 ਛੱਕੇ ਲਗਾ ਕੇ 119 ਦੌੜਾਂ ਬਣਾ ਕੇ ਆਊਟ ਹੋਏ।
ਮੇਜ਼ਬਾਨ ਟੀਮ ਨੇ 44.3 ਓਵਰਾਂ ’ਚ ਛੇ ਵਿਕਟਾਂ ’ਤੇ 308 ਦੌੜਾਂ ਬਣਾਈਆਂ। ਭਾਰਤ ਦੀ ਇੰਗਲੈਂਡ ਵਿਰੁਧ ਇਹ ਲਗਾਤਾਰ ਸੱਤਵੀਂ ਦੁਵਲੀ ਵਨਡੇ ਸੀਰੀਜ਼ ਜਿੱਤ ਹੈ। ਇਸ ਪਾਰੀ ਦੌਰਾਨ ਰੋਹਿਤ ਨੇ 49 ਕੌਮਾਂਤਰੀ ਸੈਂਕੜੇ ਵੀ ਪੂਰੇ ਕੀਤੇ ਅਤੇ ਰਾਹੁਲ ਦ੍ਰਾਵਿੜ ਦੇ 48 ਸੈਂਕੜੇ ਨੂੰ ਪਿੱਛੇ ਛੱਡ ਦਿਤਾ।ਰੋਹਿਤ ਨੇ ਅਪਣੇ ਓਪਨਿੰਗ ਪਾਰਟਨਰ ਸ਼ੁਭਮਨ ਗਿੱਲ (60 ਦੌੜਾਂ) ਨਾਲ 136 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਦੋਹਾਂ ਦੀ 100 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਦਾ ਛੇਵਾਂ ਮੌਕਾ ਹੈ।
ਇਸ ਤੋਂ ਪਹਿਲਾਂ ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ (69 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਬੇਨ ਡਕੇਟ (65 ਦੌੜਾਂ) ਨੇ ਅੱਧੇ ਸੈਂਕੜੇ ਬਣਾਏ ਜਿਸ ਦੀ ਬਦੌਲਤ ਇੰਗਲੈਂਡ ਨੇ 304 ਦੌੜਾਂ ਬਣਾਈਆਂ। ਭਾਰਤ ਲਈ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ (35 ਦੌੜਾਂ ’ਤੇ 3 ਵਿਕਟਾਂ) ਸੱਭ ਤੋਂ ਸਫਲ ਗੇਂਦਬਾਜ਼ ਰਹੇ।