
ਭਾਰਤ ਨੇ ਟੋਕੀਉ ਵਿਚ ਆਪਣੇ ਉਲੰਪਿਕ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ।
ਨਵੀਂ ਦਿੱਲੀ: ਟੋਕੀਉ ਉਲੰਪਿਕਸ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਖਿਡਾਰੀ ਅੱਜ ਭਾਰਤ ਪਰਤੇ ਹਨ। ਭਾਰਤ ਨੇ ਟੋਕੀਉ ਵਿਚ ਆਪਣੇ ਉਲੰਪਿਕ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਇਸ ਵਾਰ ਲੰਡਨ ਉਲੰਪਿਕਸ ਦੀ ਮੈਡਲ ਸੂਚੀ ਨੂੰ ਪਿੱਛੇ ਛੱਡਦੇ ਹੋਏ ਕੁੱਲ 7 ਤਮਗੇ ਜਿੱਤੇ ਹਨ। ਭਾਰਤ ਨੂੰ 2008 ਤੋਂ ਬਾਅਦ ਪਹਿਲੀ ਵਾਰ ਸੋਨ ਤਮਗਾ ਵੀ ਮਿਲਿਆ।
ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਰੇ ਉਲੰਪਿਕ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬਹੁਤ ਸਾਰੇ ਖਿਡਾਰੀ ਬਹੁਤ ਘੱਟ ਅੰਤਰ ਨਾਲ ਮੈਡਲ ਪਾਉਣ ਤੋਂ ਖੁੰਝ ਗਏ ਪਰ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਤ ਕੀਤਾ। ਮੈਡਲ ਜੇਤੂਆਂ ਦਾ ਢੋਲ ਵਜਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।
Indian athletics team returns from #TokyoOlympics to Delhi. India finished the quadrennial event with their highest medal count (1 gold, 2 silver, 4 bronze)
— ANI (@ANI) August 9, 2021
Pic source: SAIMedia Twitter pic.twitter.com/YYpTxA6w6D
ਖੇਡ ਮੰਤਰੀ ਅਨੁਰਾਗ ਠਾਕੁਰ ਖੁਦ ਅਤੇ ਉਨ੍ਹਾਂ ਦੇ ਮੰਤਰਾਲੇ ਦੇ ਕਈ ਅਧਿਕਾਰੀ ਸਾਰੇ ਮੈਡਲ ਜੇਤੂਆਂ ਦਾ ਸਵਾਗਤ ਕਰਨ ਲਈ ਮੌਜੂਦ ਸਨ। ਗੋਲਡਨ ਬੁਆਏ ਨੀਰਜ ਚੋਪੜਾ ਨੂੰ ਲੈਣ ਲਈ ਉਹਨਾਂ ਦਾ ਪਰਿਵਾਰ ਏਅਰਪੋਰਟ ਪਹੁੰਚਿਆ। ਨੀਰਜ ਚੋਪੜਾ ਨੂੰ ਲੈਣ ਲਈ ਉਸਦੇ ਮਾਤਾ -ਪਿਤਾ, ਉਸ ਦੇ ਚਾਚਾ ਭੀਮ ਚੋਪੜਾ ਅਤੇ ਉਸ ਦੇ ਪਹਿਲੇ ਕੋਚ ਜੈ ਵੀਰ ਚੌਧਰੀ ਉਸ ਨੂੰ ਲੈਣ ਲਈ ਦਿੱਲੀ ਗਏ। ਨੀਰਜ ਨੇ ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ ਹੈ।
ਇਸ ਮੌਕੇ ਨੀਰਜ ਚੋਪੜਾ ਦੇ ਪਿਤਾ ਨੇ ਕਿਹਾ, ਮੈਂ ਬੇਟੇ ਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹਾਂ। ਜਿਵੇਂ ਹੀ ਮੈਂ ਏਅਰਪੋਰਟ ਪਹੁੰਚਾਂਗਾ ਸਭ ਤੋਂ ਪਹਿਲਾਂ ਵਧਾਈ ਦੇਵਾਂਗਾ ਅਤੇ ਕਹਾਂਗਾ ਕਿ ਬੇਟੇ ਤੂੰ ਜੋ ਕਿਹਾ ਸੀ ਉਹ ਕਰ ਕੇ ਦਿਖਾਇਆ ਹੈ। ਨੀਰਜ ਦੀ ਮਾਂ ਨੇ ਕਿਹਾ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਬੇਟੇ ਨੂੰ ਮਿਲਣ ਜਾ ਰਹੀ ਹਾਂ।
ਟੋਕੀਉ ਵਿਚ ਇਹਨਾਂ ਖਿਡਾਰਾਂ ਨੇ ਜਿੱਤੇ ਮੈਡਲ
1. ਨੀਰਜ ਚੋਪੜਾ - ਗੋਲਡ (ਜੈਵਲਿਨ ਥ੍ਰੋ)
2. ਰਵੀ ਦਹੀਆ - ਚਾਂਦੀ (ਕੁਸ਼ਤੀ)
3. ਮੀਰਾਬਾਈ ਚਾਨੂ - ਸਿਲਵਰ (ਵੇਟਲਿਫਟਿੰਗ)
4. ਪੀਵੀ ਸਿੰਧੂ - ਕਾਂਸੀ (ਬੈਡਮਿੰਟਨ)
5. ਲਵਲੀਨਾ ਬੋਰਗੋਹੇਨ - ਕਾਂਸੀ (ਮੁੱਕੇਬਾਜ਼ੀ)
6. ਬਜਰੰਗ ਪੁਨੀਆ - ਕਾਂਸੀ (ਕੁਸ਼ਤੀ)
7. ਪੁਰਸ਼ ਹਾਕੀ ਟੀਮ - ਕਾਂਸੀ