
ਭਾਰਤ ਦੀਆਂ ਲੜਕੀਆਂ ਨੇ ਬਹਿਰੀਨ ਦੇ ਮਨਾਮਾ ਵਿਚ ਜਾਰੀ ਬਹਿਰੀਨ ਜੂਨੀਅਰ ਐਂਡ ਕੈਡੇਟ ਓਪਨ ਟੂਰਨਾਮੈਂਟ ਵਿਚ ਅਪਣੀ ਚਮਕ ਬਿਖੇਰਦੇ ਹੋਏ....
ਨਵੀਂ ਦਿੱਲੀ : ਭਾਰਤ ਦੀਆਂ ਲੜਕੀਆਂ ਨੇ ਬਹਿਰੀਨ ਦੇ ਮਨਾਮਾ ਵਿਚ ਜਾਰੀ ਬਹਿਰੀਨ ਜੂਨੀਅਰ ਐਂਡ ਕੈਡੇਟ ਓਪਨ ਟੂਰਨਾਮੈਂਟ ਵਿਚ ਅਪਣੀ ਚਮਕ ਬਿਖੇਰਦੇ ਹੋਏ ਕੁਲ ਚਾਰ ਤਮਗੇ ਹਾਸਲ ਕੀਤੇ। ਇਨ੍ਹਾਂ ਵਿਚ ਇਕ ਸੋਨ, ਦੋ ਚਾਂਦੀ ਤੇ ਇਕ ਕਾਂਸੀ ਸ਼ਾਮਲ ਹਨ। ਭਾਰਤ-ਏ ਨੇ ਸੋਨਾ, ਭਾਰਤ-ਬੀ ਨੇ ਚਾਂਦੀ ਤੇ ਭਾਰਤ-ਸੀ ਨੇ ਕਾਂਸੀ ਤਮਗਾ ਜਿੱਤਿਆ। ਯਸ਼ਵਿਨੀ ਘੋਰਪਾੜੇ ਤੇ ਕਾਵਯਾ ਸ਼੍ਰੀ ਬਾਸਕਰ ਨੇ ਪਹਿਲੇ ਸੈਮੀਫਾਈਨਲ ਵਿਚ ਮਿਸਰ ਨੂੰ ਹਰਾਇਆ, ਜਦਕਿ ਭਾਰਤ-ਏ ਨੇ ਦੂਜੇ ਸੈਮੀਫਾਈਨਲ ਵਿਚ ਭਾਰਤ-ਸੀ ਨੂੰ ਹਰਾਇਆ। ਫਾਈਨਲ ਵਿਚ ਸੁਹਾਨਾ ਸੈਣੀ ਤੇ ਅਨਰਗਯਾ ਮੰਜੂਨਾਥ ਦੀ ਭਾਰਤ-ਏ ਟੀਮ ਸ਼ੁਕਰਵਾਰ
ਦੀ ਰਾਤ ਹੋਏ ਸੋਨ ਤਮਗਾ ਮੁਕਾਬਲੇ ਵਿਚ ਭਾਰਤ-ਬੀ ਤੋਂ ਮਜ਼ਬੂਤ ਸਾਬਤ ਹੋਈ ਤੇ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ। ਜੂਨੀਅਰ ਬਾਲਿਕਾ ਪ੍ਰਤੀਯੋਗਿਤਾ ਰਾਊਂਡ ਰੌਬਿਨ ਸਵਰੂਪ ਵਿਚ ਖੇਡੀ ਗਈ। ਮਨੂਸ਼੍ਰੀ ਪਾਟਿਲ ਤੇ ਸਵਸਤਿਕਾ ਘੋਸ਼ ਦੀ ਭਾਰਤੀ ਟੀਮ ਨੇ ਤਿੰਨ ਟੀਮਾਂ ਨੂੰ ਹਰਾਇਆ ਪਰ ਅੰਤ ਵਿਚ ਉਸ ਨੂੰ ਚੈਂਪੀਅਨ ਰਹੀ ਰੂਸ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ। ਭਾਰਤੀ ਟੀਮ ਨੇ 7 ਅੰਕਾਂ ਨਾਲ ਚਾਂਦੀ ਤਮਗਾ ਅਪਣੇ ਨਾਂ ਕੀਤਾ। (ਏਜੰਸੀਆਂ)