ਸਮਝਿਆ ਜਾਂਦਾ ਹੈ ਕਿ ICC ਦੀ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਨ ’ਚ ਦੇਰੀ ਦਾ ਇਕ ਹੋਰ ਕਾਰਨ ਲਾਹੌਰ ਦਾ ਮੌਜੂਦਾ ਮੌਸਮ ਹੈ
ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਕਥਿਤ ਤੌਰ ’ਤੇ 2025 ਚੈਂਪੀਅਨਜ਼ ਟਰਾਫੀ ਨਾਲ ਜੁੜੇ ਇਕ ਸਮਾਗਮ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰੋਗਰਾਮ ਦਾ ਐਲਾਨ 11 ਨਵੰਬਰ ਨੂੰ ਲਾਹੌਰ ’ਚ ਹੋਣਾ ਸੀ। ਤਾਜ਼ਾ ਰੀਪੋਰਟਾਂ ਦੇ ਆਧਾਰ ’ਤੇ ਆਈ.ਸੀ.ਸੀ. 100 ਦਿਨਾਂ ਦਾ ਕਾਊਂਟਡਾਊਨ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਸੀ। ਪਰ ਬੀ.ਸੀ.ਸੀ.ਆਈ. ਸੁਰੱਖਿਆ ਕਾਰਨਾਂ ਕਰ ਕੇ ਪਾਕਿਸਤਾਨ ਜਾਣ ਲਈ ਤਿਆਰ ਨਹੀਂ ਸੀ, ਜਿਸ ਕਾਰਨ ਪ੍ਰਬੰਧਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸੂਤਰਾਂ ਨੇ ਕਿਹਾ, ‘‘ਪ੍ਰੋਗਰਾਮ ਦੀ ਪੁਸ਼ਟੀ ਨਹੀਂ ਹੋਈ ਹੈ, ਅਸੀਂ ਅਜੇ ਵੀ ਚੈਂਪੀਅਨਜ਼ ਟਰਾਫੀ ਦੇ ਪ੍ਰੋਗਰਾਮ ’ਤੇ ਮੇਜ਼ਬਾਨ ਅਤੇ ਹਿੱਸਾ ਲੈਣ ਵਾਲੇ ਦੇਸ਼ਾਂ ਨਾਲ ਵਿਚਾਰ ਵਟਾਂਦਰੇ ਕਰ ਰਹੇ ਹਾਂ। ਇਕ ਵਾਰ ਪੁਸ਼ਟੀ ਹੋਣ ਤੋਂ ਬਾਅਦ ਅਸੀਂ ਅਪਣੇ ਆਮ ਚੈਨਲਾਂ ਰਾਹੀਂ ਐਲਾਨ ਕਰਾਂਗੇ।’’
ਇਕ ਅਧਿਕਾਰੀ ਨੇ 11 ਨਵੰਬਰ ਨੂੰ ਸ਼ੁਰੂ ਨਾ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਘੱਟ ਕਰਦੇ ਹੋਏ ਕਿਹਾ ਕਿ ਇਹ ਸਿਰਫ ਟਰਾਫੀ ਟੂਰ ਆਫ ਅਤੇ ਟੂਰਨਾਮੈਂਟ/ਬ੍ਰਾਂਡਿੰਗ ਲਾਂਚ ਸੀ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ’ਤੇ ਅਜੇ ਕੰਮ ਚੱਲ ਰਿਹਾ ਹੈ, ਹਾਲਾਂਕਿ ਲਾਹੌਰ ਆਊਟਡੋਰ ਗਤੀਵਿਧੀਆਂ ਕਾਰਨ ਇਸ ਨੂੰ ਮੁੜ-ਨਿਰਧਾਰਤ ਕੀਤਾ ਜਾ ਸਕਦਾ ਹੈ।
ਇਹ ਵੀ ਸਮਝਿਆ ਜਾਂਦਾ ਹੈ ਕਿ ਆਈ.ਸੀ.ਸੀ. ਦੀ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਨ ’ਚ ਦੇਰੀ ਦਾ ਇਕ ਹੋਰ ਕਾਰਨ ਲਾਹੌਰ ਦਾ ਮੌਜੂਦਾ ਮੌਸਮ ਹੈ। ਪਾਕਿਸਤਾਨ ਦਾ ਦੂਜਾ ਸੱਭ ਤੋਂ ਵੱਡਾ ਸ਼ਹਿਰ ਪ੍ਰਦੂਸ਼ਣ ਦੇ ਪੱਧਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਥਾਨਕ ਸਰਕਾਰ ਨੇ ਸਾਰੇ ਪ੍ਰਾਇਮਰੀ ਸਕੂਲਾਂ ਲਈ ਇਕ ਹਫ਼ਤੇ ਦੀ ਛੁੱਟੀ ਦਾ ਐਲਾਨ ਕੀਤਾ ਹੈ।
ਪਾਕਿਸਤਾਨ ਦੇ ਦੌਰੇ ’ਤੇ ਭਾਰਤ ਦੀ ਨਾ ਜਾਣ ਦੀ ਇੱਛਾ ਬਾਰੇ ਪੀ.ਸੀ.ਬੀ. ਨੂੰ ਆਈ.ਸੀ.ਸੀ. ਦੀ ਚਿੱਠੀ ਮਿਲੀ
ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਭਾਰਤ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੂੰ ਅਗਲੇ ਸਾਲ ਫ਼ਰਵਰੀ-ਮਾਰਚ ਵਿਚ ਹੋਣ ਵਾਲੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਨਾ ਜਾਣ ਦੀ ਇੱਛਾ ਬਾਰੇ ਸੂਚਿਤ ਕਰ ਦਿਤਾ ਹੈ।
ਪੀ.ਸੀ.ਬੀ. ਨੇ ਇਕ ਬਿਆਨ ਵਿਚ ਕਿਹਾ, ‘‘ਪੀ.ਸੀ.ਬੀ. ਨੂੰ ਆਈ.ਸੀ.ਸੀ. ਤੋਂ ਇਕ ਈ-ਮੇਲ ਮਿਲਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025 ਲਈ ਪਾਕਿਸਤਾਨ ਨਹੀਂ ਜਾਵੇਗੀ।’’
ਪੀ.ਸੀ.ਬੀ. ਦੇ ਬੁਲਾਰੇ ਨੇ ਕਿਹਾ, ‘‘ਪੀ.ਸੀ.ਬੀ. ਨੇ ਇਹ ਈ-ਮੇਲ ਸਲਾਹ ਅਤੇ ਮਾਰਗ ਦਰਸ਼ਨ ਲਈ ਪਾਕਿਸਤਾਨ ਸਰਕਾਰ ਨੂੰ ਭੇਜ ਦਿਤੀ ਹੈ।’’ ਆਈ.ਸੀ.ਸੀ. ਦੇ ਈ-ਮੇਲ ’ਤੇ ਪੀ.ਸੀ.ਬੀ. ਵਲੋਂ ਕੋਈ ਹੋਰ ਟਿਪਣੀ ਨਹੀਂ ਕੀਤੀ ਗਈ ਪਰ ਇਸ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਅਪਣੀ ਨੀਤੀ ਦਾ ਪ੍ਰਗਟਾਵਾ ਉਦੋਂ ਹੀ ਕਰੇਗਾ ਜਦੋਂ ਉਸ ਨੂੰ ਆਈ.ਸੀ.ਸੀ. ਤੋਂ ਲਿਖਤੀ ਰੂਪ ’ਚ ਕੁੱਝ ਮਿਲੇਗਾ।
ਬੀ.ਸੀ.ਸੀ.ਆਈ. ਨੇ ਪਹਿਲਾਂ ਹੀ ਗਲੋਬਲ ਕ੍ਰਿਕਟ ਸੰਸਥਾ ਨੂੰ ਗੁਆਂਢੀ ਦੇਸ਼ ਦੀ ਯਾਤਰਾ ਕਰਨ ’ਚ ਭਾਰਤ ਦੀ ਅਸਮਰੱਥਾ ਬਾਰੇ ਸੂਚਿਤ ਕਰ ਦਿਤਾ ਸੀ, ਜਿਸ ਨਾਲ ਪੀ.ਸੀ.ਬੀ. ਕੋਲ ਚੈਂਪੀਅਨਜ਼ ਟਰਾਫੀ ਨੂੰ ‘ਹਾਈਬ੍ਰਿਡ ਮਾਡਲ’ ’ਚ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਸੀ। ਨਕਵੀ ਨੇ ਇਹ ਵੀ ਕਿਹਾ ਸੀ ਕਿ ਹਾਈਬ੍ਰਿਡ ਮਾਡਲ ਪਾਕਿਸਤਾਨ ਨੂੰ ਮਨਜ਼ੂਰ ਨਹੀਂ ਹੈ। ਭਾਰਤ ਨੇ 2008 ਤੋਂ ਬਾਅਦ ਕੋਈ ਟੀਮ ਪਾਕਿਸਤਾਨ ਨਹੀਂ ਭੇਜੀ ਹੈ ਜਦੋਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਆਖਰੀ ਵਾਰ ਏਸ਼ੀਆ ਕੱਪ ਲਈ ਆਈ ਸੀ।