ਪਲੇਆਫ਼ ਮੈਚ ਵਿਚ ਅਰਜਨਟੀਨਾ ਨੂੰ 4-2 ਨਾਲ ਹਰਾਇਆ
ਚੇਨਈ : ਭਾਰਤ ਨੇ ਬੁਧਵਾਰ ਨੂੰ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਪਲੇਆਫ ਮੈਚ ਵਿਚ 2021 ਦੀ ਚੈਂਪੀਅਨ ਅਰਜਨਟੀਨਾ ਦੀ ਟੀਮ ਨੂੰ 4-2 ਨਾਲ ਹਰਾ ਕੇ ਨੌਂ ਸਾਲ ਬਾਅਦ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਕਾਂਸੀ ਦਾ ਤਮਗਾ ਜਿੱਤ ਲਿਆ ਹੈ।
ਦੋ ਵਾਰ ਦੀ ਚੈਂਪੀਅਨ ਰਹੀ ਭਾਰਤੀ ਟੀਮ (ਹੋਬਾਰਟ 2001 ਅਤੇ ਲਖਨਊ 2016) ਨੇ ਆਖਰੀ ਵਾਰ ਨੌਂ ਸਾਲ ਪਹਿਲਾਂ ਵਿਸ਼ਵ ਕੱਪ ਮੁਕਾਬਲੇ ਵਿਚ ਕੋਈ ਤਮਗਾ ਜਿੱਤਿਆ ਸੀ। ਪਿਛਲੀ ਦੋ ਵਾਰ ਟੀਮ ਕਾਂਸੀ ਤਗਮੇ ਦਾ ਮੈਚ ਹਾਰ ਕੇ ਚੌਥੇ ਸਥਾਨ ਉਤੇ ਰਹੀ ਸੀ।
ਭਾਰਤ ਲਈ ਅੰਕਿਤ ਪਾਲ (49ਵੇਂ), ਮਨਮੀਤ ਸਿੰਘ (52ਵੇਂ), ਸ਼ਰਦਾਨੰਦ ਤਿਵਾੜੀ (57ਵੇਂ) ਅਤੇ ਅਨਮੋਲ ਇਕਕਾ (58ਵੇਂ) ਨੇ ਗੋਲ ਕੀਤੇ। ਅਰਜਨਟੀਨਾ ਲਈ ਨਿਕੋਲਸ ਰੌਡਰਿਗਜ਼ (ਪੰਜਵਾਂ) ਅਤੇ ਸੈਂਟਿਆਗੋ ਫਰਨਾਂਡਿਸ (44ਵੇਂ) ਨੇ ਗੋਲ ਕੀਤੇ।
ਤਿੰਨ ਕੁਆਰਟਰਾਂ ਲਈ ਦੋ ਗੋਲਾਂ ਨਾਲ ਪਿੱਛੇ ਰਹਿਣ ਤੋਂ ਬਾਅਦ, ਭਾਰਤ ਨੇ ਆਖਰੀ ਕੁਆਰਟਰ ਵਿਚ ਚਾਰ ਗੋਲ ਕਰ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਭਰੇ ਹੋਏ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿਚ ਜਾਨ ਦੂਕ ਦਿਤੀ। 49ਵੇਂ ਮਿੰਟ ’ਚ ਅੰਕਿਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਦਾ ਖਾਤਾ ਖੋਲ੍ਹਿਆ।
ਇਸ ਦੇ ਨਾਲ ਹੀ 52ਵੇਂ ਮਿੰਟ ’ਚ ਭਾਰਤ ਨੂੰ ਇਕ ਵਾਰ ਫਿਰ ਪੈਨਲਟੀ ਕਾਰਨਰ ਮਿਲਿਆ, ਜਿਸ ਉਤੇ ਗੇਂਦ ਅਨਮੋਲ ਏਸ ਦੇ ਸ਼ਾਟ ਉਤੇ ਡਿਫਲੈਕਟ ਹੋ ਕੇ ਮਨਮੀਤ ਦੀ ਸੋਟੀ ਨਾਲ ਟਕਰਾ ਕੇ ਗੋਲ ਦੇ ਅੰਦਰ ਚਲੀ ਗਈ। ਸਕੋਰ 2-2 ਨਾਲ ਬਰਾਬਰ ਹੋਣ ਤੋਂ ਬਾਅਦ ਲੱਗ ਰਿਹਾ ਸੀ ਕਿ ਮੈਚ ਸ਼ੂਟਆਊਟ ’ਚ ਜਾਵੇਗਾ ਪਰ ਆਖਰੀ ਸੀਟੀ ਵਜਾਉਣ ’ਚ ਤਿੰਨ ਮਿੰਟ ਬਾਕੀ ਰਹਿੰਦੇ ਹੀ ਭਾਰਤ ਨੂੰ ਅਹਿਮ ਪੈਨਲਟੀ ਸਟ੍ਰੋਕ ਮਿਲਿਆ, ਜਿਸ ਨੂੰ ਸ਼ਰਦਾਨੰਦ ਤਿਵਾੜੀ ਨੇ ਗੋਲ ’ਚ ਬਦਲ ਕੇ ਭਾਰਤ ਨੂੰ ਪਹਿਲੀ ਲੀਡ ਦਿਵਾਈ।
ਅਗਲੇ ਮਿੰਟ ਵਿਚ ਅਰਜਨਟੀਨਾ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਗੋਲਕੀਪਰ ਪ੍ਰਿੰਸਦੀਪ ਸਿੰਘ ਨੇ ਇਕ ਵਾਰ ਫਿਰ ਸ਼ਾਨਦਾਰ ਬਚਾਅ ਕੀਤਾ। 58ਵੇਂ ਮਿੰਟ ’ਚ ਅਨਮੋਲ ਇੱਕਾ ਨੇ ਭਾਰਤ ਲਈ ਪੈਨਲਟੀ ਕਾਰਨਰ ਨੂੰ ਗੋਲ ਕਰ ਦਿਤਾ।
