ਰੋਹਿਤ ਸ਼ਰਮਾ ਨੇ ਤੋੜਿਆ ਗੇਲ ਦਾ ਰਿਕਾਰਡ
ਵਡੋਦਰਾ: ਭਾਰਤ ਦੇ ਕਰਿਸ਼ਮਾਈ ਬੱਲੇਬਾਜ਼ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਇਤਿਹਾਸ ਰਚ ਦਿਤਾ, ਉਹ ਇਕ ਰੋਜ਼ਾ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਛਿੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ। ਉਨ੍ਹਾਂ ਨੇ ਇਹ ਪ੍ਰਾਪਤੀ ਬੜੌਦਾ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਚ ਨਿਊਜ਼ੀਲੈਂਡ ਵਿਰੁਧ ਚਲ ਰਹੀ ਇਕ ਰੋਜ਼ਾ ਸੀਰੀਜ਼ ਦੇ ਪਹਿਲੇ ਮੈਚ ਵਿਚ ਹਾਸਲ ਕੀਤੀ। 38 ਸਾਲ ਦੇ ਰੋਹਿਤ ਨੇ ਛੇਵੇਂ ਓਵਰ ਵਿਚ ਬੇਨ ਫ਼ਾਕਸ ਵਿਰੁਧ ਪਹਿਲਾ ਛਿੱਕਾ ਲਗਾਇਆ। ਉਸ ਤੋਂ ਬਾਅਦ ਉਨ੍ਹਾਂ ਅਗਲੇ ਹੀ ਓਵਰ ਵਿਚ ਕਾਇਲ ਜੈਮੀਸਨ ਦੀ ਗੇਂਦ ਨੂੰ ਮੈਦਾਨ ਤੋਂ ਬਾਹਰ ਪਹੁੰਚਾ ਦਿਤਾ। ਇਸ ਨਾਲ ਹੀ ਰੋਹਿਤ ਕੌਮਾਂਤਰੀ ਕ੍ਰਿਕਟ ’ਚ 650 ਛਿੱਕੇ ਮਾਰਨ ਵਾਲੇ ਪਹਿਲੇ ਖਿਡਾਰੀ ਬਣ ਗਏ। ਹਾਲਾਂਕਿ ਰੋਹਿਤ ਅਪਣੀ ਚੰਗੀ ਸ਼ੁਰੂਆਤ ਨੂੰ ਲੰਮੀ ਪਾਰੀ ’ਚ ਨਹੀਂ ਬਦਲ ਸਕੇ ਅਤੇ ਨੌਵੇਂ ਓਵਰ ’ਚ ਕਾਇਲ ਜੈਮੀਸਨ ਦੀ ਗੇਂਦ ਉਤੇ ਆਊਟ ਹੋ ਗਏ। ਉਨ੍ਹਾਂ ਨੇ 29 ਗੇਂਦਾਂ ’ਚ 26 ਦੌੜਾਂ ਬਣਾਈਆਂ, ਜਿਸ ਵਿਚ ਤਿੰਨ ਚੌਕੇ ਅਤੇ ਦੋ ਛਿੱਕੇ ਸ਼ਾਮਲ ਸਨ।
ਸਭ ਤੋਂ ਤੇਜ਼ 28 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣੇ ਵਿਰਾਟ ਕੋਹਲੀ
ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਐਤਵਾਰ ਨੂੰ ਕੌਮਾਂਤਰੀ ਕ੍ਰਿਕੇਟ ਦੇ ਤਿੰਨਾਂ ਸਰੂਪਾਂ ਵਿਚ ਸਭ ਤੋਂ ਤੇਜ਼ੀ ਨਾਲ 28 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਗਏ ਹਨ। ਨਿਊਜ਼ੀਲੈਂਡ ਵਿਰੁਧ ਇਕ ਰੋਜ਼ਾ ਮੈਚ ਦੌਰਾਨ ਉਹ ਸਚਿਨ ਤੇਂਦੁਲਕਰ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਬਣ ਗਏ। ਅਪਣੀ 624ਵੀਂ ਪਾਰੀ ਖੇਡਦਿਆਂ 37 ਸਾਲ ਦੇ ਕੋਹਲੀ ਨੇ ਨਿਊਜ਼ੀਲੈਂਡ ਦੇ ਲੈੱਗ-ਸਪਿੱਨਰ ਆਦਿਤਿਆ ਅਸ਼ੋਕ ਵਿਰੁਧ ਚੌਕਾ ਲਗਾ ਕੇ ਇਹ ਪ੍ਰਾਪਤੀ ਹਾਸਲ ਕੀਤੀ। ਤੇਂਦੁਲਕਰ ਨੇ ਇਹ ਪ੍ਰਾਪਤੀ ਅਪਣੀ 644ਵੀਂ ਪਾਰੀ ’ਚ ਹਾਸਲ ਕੀਤੀ ਸੀ। ਸ੍ਰੀਲੰਕਾ ਦੇ ਬੱਲੇਬਾਜ਼ ਕੁਮਾਰ ਸੰਗਾਕਾਰਾ 28 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਵਿਸ਼ਵ ਦੇ ਸਿਰਫ਼ ਤੀਜੇ ਖਿਡਾਰੀ ਹਨ ਜਿਨ੍ਹਾਂ ਨੇ ਅਪਣੀ 666ਵੀਂ ਪਾਰੀ ’ਚ ਇਹ ਪ੍ਰਾਪਤੀ ਹਾਸਲ ਕੀਤੀ ਸੀ।
