
ਨਾਪੋਲੀ ਨੂੰ ਮੌਕੇ ਗਵਾਉਣ ਤੋਂ ਬਾਅਦ ਸਿਰੀ ਏ 'ਚ ਫ਼ਾਇਉਰੇਨਟਿਨਾ ਵਿਰੁਧ ਗੋਲ ਰਹਿਤ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ ਜਦਕਿ ਲਾਟੇਰੋ.....
ਰੋਮ : ਨਾਪੋਲੀ ਨੂੰ ਮੌਕੇ ਗਵਾਉਣ ਤੋਂ ਬਾਅਦ ਸਿਰੀ ਏ 'ਚ ਫ਼ਾਇਉਰੇਨਟਿਨਾ ਵਿਰੁਧ ਗੋਲ ਰਹਿਤ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ ਜਦਕਿ ਲਾਟੇਰੋ ਮਾਰਟੀਨੇਜ਼ ਦੇ ਗੋਲ ਦੀ ਬਦੌਲਤ ਇੰਟਰ ਮਿਲਾਨ ਨੇ ਪਾਰਮਾ ਨੂੰ 1-0 ਨਾਲ ਹਰਾਇਆ। ਚੈਂਪੀਅਨਜ਼ ਲੀਗ ਤੋਂ ਬਾਹਰ ਹੋਣ ਮਗਰੋਂ ਨਾਪੋਲੀ ਅਤੇ ਇੰਟਰ ਮਿਲਾਨ ਯੂਰੋਪਾ ਲੀਗ 'ਚ ਅਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਨਾਪਲੀ ਨੂੰ ਰਾਊਂਡ ਆਫ਼ 32 ਦੇ ਪਹਿਲੇ ਗੇੜ ਦੇ ਮੁਕਾਬਲੇ 'ਚ ਐਫ਼.ਸੀ. ਜਿਊਰਿਖ ਦੀ ਮੇਜ਼ਬਾਨੀ 'ਚ ਖੇਡਣਾ ਹੈ ਜਦਕਿ ਇੰਟਰ ਮਿਲਾਨ ਦੀ ਟੀਮ ਰੈਪਿਡ ਵੀਏਨਾ ਵਿਰੁਧ ਉਸ ਦੇ ਮੈਦਾਨ 'ਤੇ ਖੇਡੇਗੀ।
ਨਾਪੋਲੀ ਦੇ ਪਿਓਤਰ ਜੈਲਿਨਸਕੀ ਅਤੇ ਡਰਾਇਸ ਮਰਟੇਨਸ ਕੋਲ ਗੋਲ ਕਰਨ ਦੇ ਮੌਕੇ ਸਨ ਪਰ ਫ਼ਾਇਉਰੇਨਟਿਨਾ ਦੇ ਗੋਲਕੀਪਰ ਅਲਬਾਨ ਲਾਫ਼ੋਂਟ ਨੇ ਸ਼ਾਨਦਾਰ ਬਚਾਅ ਕਰਦਿਆਂ ਵਿਰੋਧੀ ਟੀਮ ਨੂੰ ਗੋਲ ਤੋਂ ਮਰਹੂਮ ਰਖਿਆ। ਨਾਪੋਲੀ ਨੇ ਪਿਛਲੇ ਤਿੰਨ ਮੈਚਾਂ 'ਚ ਇਹ ਦੂਜਾ ਡਰਾਅ ਖੇਡਿਆ ਹੈ। ਫ਼ਾਇਉਰੇਨਟਿਨਾ ਦੀ ਟੀਮ ਮੌਜੂਦਾ ਸੈਸ਼ਨ 'ਚ 23 ਮੈਚਾਂ 'ਚ 11ਵਾਂ ਡਰਾਅ ਖੇਡਣ ਮਗਰੋਂ ਨੌਂਵੇਂ ਸਥਾਨ 'ਤੇ ਹੈ। ਦੂਜੇ ਪਾਸੇ ਪਾਰਮਾ ਵਿਰੁਧ ਇੰਟਰ ਮਿਲਾਨ ਵਲੋਂ ਇਕੋ ਇਕ ਗੋਲ ਮਾਰਟੀਨੇਜ਼ ਨੇ 79ਵੇਂ ਮਿੰਟ 'ਚ ਕੀਤਾ। ਟੀਮ ਲਈ ਡੇਨੀਅਲੋ ਡੀਐਂਬ੍ਰੋਸਿਆ ਨੇ ਵੀ ਗਲ ਕੀਤਾ ਸੀ ਪਰ ਵੀ.ਏ.ਆਰ. ਵੀਡੀਉ ਰਿਵੀਊ ਮਗਰੋਂ ਇਸ ਨੂੰ ਨਕਾਰ ਦਿਤਾ ਗਿਆ। (ਭਾਸ਼ਾ)