
ਕਿਹਾ, ਉਨ੍ਹਾਂ ਦੋਹਾਂ ਨੇ ਭਲਵਾਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ ਸੀ ਪਰ ਕੋਈ ਹੱਲ ਲੱਭਣ ਲਈ ਕੁੱਝ ਨਹੀਂ ਕੀਤਾ
ਤਿਰੂਵਨੰਤਪੁਰਮ: ਸੰਨਿਆਸ ਲੈ ਚੁਕੀ ਭਲਵਾਨ ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐਫ.ਆਈ.) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਲੱਗੇ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਮਹਿਲਾ ਭਲਵਾਨਾਂ ਦੇ ਇਕ ਸਮੂਹ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਨਾ ਕਰਨ ’ਤੇ ਦੇਸ਼ ਦੀਆਂ ਪ੍ਰਸਿੱਧ ਖਿਡਾਰੀਆਂ ਪੀ.ਟੀ. ਊਸ਼ਾ ਅਤੇ ਮੈਰੀਕਾਮ ’ਤੇ ਨਿਸ਼ਾਨਾ ਲਾਇਆ ਹੈ।
ਮਲਿਕ ਨੇ ਕਿਹਾ ਕਿ ਊਸ਼ਾ ਅਤੇ ਮੈਰੀਕਾਮ ਨੂੰ ਉਨ੍ਹਾਂ ਵਰਗੇ ਖਿਡਾਰੀਆਂ ਨੇ ਪ੍ਰੇਰਣਾ ਦੇ ਤੌਰ ’ਤੇ ਲਿਆ ਸੀ ਪਰ ਉਨ੍ਹਾਂ ਨੇ ਪੀੜਤ ਮਹਿਲਾ ਭਲਵਾਨਾਂ ਦੇ ਸਮਰਥਨ ’ਚ ਕੁੱਝ ਨਹੀਂ ਬੋਲਿਆ। ਓਲੰਪਿਕ ਤਮਗਾ ਜੇਤੂ ਇੱਥੇ ਕਨਕਕੁਨੂ ’ਚ ਕਰਵਾਏ ‘ਮਾਤਭੂਮੀ ਇੰਟਰਨੈਸ਼ਨਲ ਫੈਸਟੀਵਲ ਆਫ ਲੈਟਰਜ਼’ (ਐੱਮ.ਬੀ.ਆਈ.ਐੱਫ.ਐੱਲ.) 2024 ਦੇ ਹਿੱਸੇ ਵਜੋਂ ਇਕ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਦੇ ਅੰਦੋਲਨ ’ਤੇ ਖੇਡ ਸਿਤਾਰਿਆਂ ਦੀ ਪ੍ਰਤੀਕਿਰਿਆ ਤੋਂ ਹੈਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੋਹਾਂ ਨੇ ਭਲਵਾਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ ਸੀ ਪਰ ਕੋਈ ਹੱਲ ਲੱਭਣ ਲਈ ਕੁੱਝ ਨਹੀਂ ਕੀਤਾ। ਮਲਿਕ ਨੇ ਕਿਹਾ, ‘‘ਪੀ.ਟੀ. ਊਸ਼ਾ ਮੈਡਮ ਸਾਡੇ ਪ੍ਰਦਰਸ਼ਨ ਵਾਲੀ ਥਾਂ ’ਤੇ ਆਈ ਸੀ। ਅਸੀਂ ਉਸ ਨੂੰ ਅਪਣੇ ਮੁੱਦਿਆਂ ਬਾਰੇ ਵਿਸਥਾਰ ਨਾਲ ਦਸਿਆ ਸੀ... ਉਹ ਸਾਡਾ ਸਮਰਥਨ ਕਰ ਸਕਦੀ ਸੀ... ਪਰ ਉਹ ਸਾਨੂੰ ਭਰੋਸਾ ਦਿਵਾਉਣ ਦੇ ਬਾਵਜੂਦ ਚੁੱਪ ਰਹੀ ਕਿ ਉਹ ਸਾਡੇ ਨਾਲ ਖੜੀ ਰਹੇਗੀ ਅਤੇ ਹਰ ਸੰਭਵ ਤਰੀਕੇ ਨਾਲ ਮਦਦ ਕਰੇਗੀ।’’
ਮੈਰੀ ਕਾਮ ਬਾਰੇ ਗੱਲ ਕਰਦਿਆਂ ਉਹ ਥੋੜ੍ਹੀ ਭਾਵੁਕ ਹੋ ਗਈ। ਮੈਰੀ ਕਾਮ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਜਿਨਸੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਕਰਨ ਅਤੇ ਰੀਪੋਰਟ ਸੌਂਪਣ ਲਈ ਬਣਾਈ ਗਈ ਨਿਗਰਾਨੀ ਕਮੇਟੀ ਦੀ ਮੈਂਬਰ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਰੀਕਾਮ ਕਮੇਟੀ ’ਚ ਸੀ ਤਾਂ ਉਸ ਨੇ ਹਰ ਮਹਿਲਾ ਭਲਵਾਨ ਦੀਆਂ ਕਹਾਣੀਆਂ ਸੁਣੀਆਂ ਸਨ। ਉਨ੍ਹਾਂ ਕਿਹਾ, ‘‘ਕਹਾਣੀਆਂ ਸੁਣਨ ਤੋਂ ਬਾਅਦ ਉਹ ਬਹੁਤ ਭਾਵੁਕ ਹੋ ਗਈ... ਉਸ ਨੇ ਇਹ ਵੀ ਕਿਹਾ ਕਿ ਉਹ ਸਾਡੇ ਨਾਲ ਖੜੀ ਰਹੇਗੀ। ਪਰ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ।’’ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਵਰਗੇ ਚੋਟੀ ਦੇ ਭਲਵਾਨਾਂ ਨੇ ਮਹਿਲਾ ਭਲਵਾਨਾਂ ’ਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਉਂਦੇ ਹੋਏ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨਵੀਂ ਦਿੱਲੀ ’ਚ ਧਰਨਾ ਦਿਤਾ ਸੀ।