
ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 10 ਵਿਕਟਾਂ ਨਾਲ ਹਰਾ ਕੇ ਹਾਸਲ ਕੀਤੀ ਦੂਜੀ ਜਿੱਤ
ਨਵੀਂ ਦਿੱਲੀ : ਯੂਪੀ ਵਾਰੀਅਰਜ਼ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ 10 ਵਿਕਟਾਂ ਨਾਲ ਹਰਾਇਆ। ਯੂਪੀ ਦੀ ਇਹ ਦੂਜੀ ਜਿੱਤ ਹੈ। ਉਸ ਲਈ ਕਪਤਾਨ ਐਲੀਸਾ ਹੀਲੀ ਨੇ 96 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਰਸੀਬੀ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਚੌਥੀ ਹਾਰ ਹੈ। ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਾਲੀ ਟੀਮ ਹੁਣ ਤੱਕ ਸਾਰੇ ਚਾਰ ਮੈਚ ਹਾਰ ਚੁੱਕੀ ਹੈ। ਦੂਜੇ ਪਾਸੇ ਯੂਪੀ ਨੇ ਤਿੰਨ ਮੈਚਾਂ ਵਿੱਚ ਦੋ ਜਿੱਤਾਂ ਦਰਜ ਕੀਤੀਆਂ ਹਨ।
ਆਰਸੀਬੀ 19.3 ਓਵਰਾਂ 'ਚ 138 ਦੌੜਾਂ 'ਤੇ ਆਊਟ ਹੋ ਗਈ। ਸੋਫੀਆ ਨੇ 13 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਦੀਪਤੀ ਸ਼ਰਮਾ ਨੇ 26 ਦੌੜਾਂ 'ਤੇ ਤਿੰਨ ਵਿਕਟਾਂ ਅਤੇ ਰਾਜੇਸ਼ਵਰੀ ਗਾਇਕਵਾੜ ਨੇ 26 ਦੌੜਾਂ 'ਤੇ ਇਕ ਵਿਕਟ ਲਈ | ਜਵਾਬ ਵਿੱਚ ਯੂਪੀ ਵਾਰੀਅਰਜ਼ ਨੇ 42 ਗੇਂਦਾਂ ਬਾਕੀ ਰਹਿੰਦਿਆਂ 13 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 139 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਆਰਸੀਬੀ ਲਈ ਐਲਿਸ ਪੈਰੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਹ 39 ਗੇਂਦਾਂ 'ਤੇ 52 ਦੌੜਾਂ ਦੀ ਪਾਰੀ ਖੇਡੀ ਅਤੇ ਛੇ ਚੌਕੇ ਅਤੇ ਇਕ ਛੱਕਾ ਲਗਾਇਆ। ਐਲਿਸ ਪੈਰੀ ਤੋਂ ਇਲਾਵਾ ਸਿਰਫ ਸੋਫੀ ਡਿਵਾਈਨ (36 ਦੌੜਾਂ) ਹੀ ਕੁਝ ਦੇਰ ਤੱਕ ਯੂਪੀ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕੀ। ਆਰਸੀਬੀ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟੀਮ ਨੂੰ ਨਿਰਾਸ਼ ਕੀਤਾ ਅਤੇ ਉਹ ਸਿਰਫ਼ ਚਾਰ ਦੌੜਾਂ ਹੀ ਬਣਾ ਸਕੀ।