
IPL ਦੇ ਮੌਜੂਦਾ ਸੀਜ਼ਨ ’ਚ ਤਿੰਨ ਵਾਰ ਹੌਲੀ ਓਵਰ ਰੇਟ ਕਾਰਨ ਇਕ ਮੈਚ ਲਈ ਮੁਅੱਤਲ ਕਰ ਦਿਤਾ ਗਿਆ
ਨਵੀਂ ਦਿੱਲੀ: ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਐਤਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਰੁਧ ਹੋਣ ਵਾਲੇ ਅਹਿਮ ਮੈਚ ’ਚ ਨਹੀਂ ਖੇਡ ਸਕਣਗੇ ਕਿਉਂਕਿ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੌਜੂਦਾ ਸੀਜ਼ਨ ’ਚ ਤਿੰਨ ਵਾਰ ਹੌਲੀ ਓਵਰ ਰੇਟ ਕਾਰਨ ਇਕ ਮੈਚ ਲਈ ਮੁਅੱਤਲ ਕਰ ਦਿਤਾ ਗਿਆ ਹੈ।
ਪੰਤ ’ਤੇ 7 ਮਈ ਨੂੰ ਰਾਜਸਥਾਨ ਰਾਇਲਜ਼ ਵਿਰੁਧ ਦਿੱਲੀ ਕੈਪੀਟਲਜ਼ ਦੀ 20 ਦੌੜਾਂ ਦੀ ਜਿੱਤ ਦੌਰਾਨ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਦਿੱਲੀ ਕੈਪੀਟਲਜ਼ ਦੀ ਟੀਮ ਇਸ ਮੈਚ ਦੇ ਆਖ਼ਰੀ ਓਵਰ ’ਚ ਤੈਅ ਸਮੇਂ ਤੋਂ 10 ਮਿੰਟ ਪਿੱਛੇ ਸੀ।
ਆਈ.ਪੀ.ਐਲ. ਨੇ ਇਕ ਬਿਆਨ ’ਚ ਕਿਹਾ, ‘‘ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ 7 ਮਈ, 2024 ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਰਾਜਸਥਾਨ ਰਾਇਲਜ਼ ਵਿਰੁਧ ਹੌਲੀ ਓਵਰ ਰੇਟ ਕਾਰਨ ਆਈ.ਪੀ.ਐਲ. ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਜੁਰਮਾਨਾ ਅਤੇ ਇਕ ਮੈਚ ਲਈ ਮੁਅੱਤਲ ਕਰ ਦਿਤਾ ਗਿਆ ਹੈ।’’
ਦਿੱਲੀ ਦੀ ਟੀਮ ਨੂੰ ਇਸ ਤੋਂ ਪਹਿਲਾਂ ਸੀਜ਼ਨ ਦੀ ਸ਼ੁਰੂਆਤ ਵਿਚ ਚੇਨਈ ਸੁਪਰ ਕਿੰਗਜ਼ (31 ਮਾਰਚ) ਅਤੇ ਕੋਲਕਾਤਾ ਨਾਈਟ ਰਾਈਡਰਜ਼ (3 ਅਪ੍ਰੈਲ) ਵਿਰੁਧ ਹੌਲੀ ਓਵਰਾਂ ਦਾ ਦੋਸ਼ੀ ਪਾਇਆ ਗਿਆ ਸੀ। ਆਈ.ਪੀ.ਐਲ. ਨੇ ਇਕ ਬਿਆਨ ’ਚ ਕਿਹਾ, ‘‘ਆਈ.ਪੀ.ਐਲ. ਦੇ ਕੋਡ ਆਫ ਕੰਡਕਟ ਦੇ ਤਹਿਤ ਘੱਟੋ-ਘੱਟ ਓਵਰ ਰੇਟ ਦੇ ਮਾਮਲੇ ’ਚ ਮੌਜੂਦਾ ਸੀਜ਼ਨ ’ਚ ਰਿਸ਼ਭ ਪੰਤ ’ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਕ ਮੈਚ ਲਈ ਮੁਅੱਤਲ ਕਰ ਦਿਤਾ ਗਿਆ ਹੈ।’’
ਇਸ ਮਾਮਲੇ ’ਚ ਦਿੱਲੀ ਟੀਮ ਦੇ ਹੋਰ ਖਿਡਾਰੀਆਂ ’ਤੇ ਵੀ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਇਮਪੈਕਟ ਪਲੇਅਰ ਸਮੇਤ ਸ਼ੁਰੂਆਤੀ ਇਲੈਵਨ ਦੇ ਬਾਕੀ ਖਿਡਾਰੀਆਂ ’ਤੇ ਨਿੱਜੀ ਤੌਰ ’ਤੇ 12 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦਾ 50 ਫੀ ਸਦੀ, ਜੋ ਵੀ ਘੱਟ ਹੋਵੇ, ਜੁਰਮਾਨਾ ਲਗਾਇਆ ਗਿਆ ਹੈ।’’
ਦਿੱਲੀ ਕੈਪੀਟਲਜ਼ ਨੇ ਮੈਚ ਰੈਫਰੀ ਦੇ ਫੈਸਲੇ ਨੂੰ ਚੁਨੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਸਮੀਖਿਆ ਲਈ ਬੀ.ਸੀ.ਸੀ.ਆਈ. ਲੋਕਪਾਲ ਕੋਲ ਭੇਜਿਆ ਗਿਆ ਸੀ। ਲੋਕਪਾਲ ਨੇ ਇਸ ਮਾਮਲੇ ਦੀ ਆਨਲਾਈਨ ਸੁਣਵਾਈ ਕਰਦਿਆਂ ਕਿਹਾ ਕਿ ਮੈਚ ਰੈਫਰੀ ਦਾ ਫੈਸਲਾ ਅੰਤਿਮ ਅਤੇ ਲਾਜ਼ਮੀ ਸੀ। ਦਿੱਲੀ ਦੀ ਟੀਮ ਪੰਜਵੇਂ ਸਥਾਨ ’ਤੇ ਹੈ ਜਦਕਿ ਆਰ.ਸੀ.ਬੀ. ਸੱਤਵੇਂ ਸਥਾਨ ’ਤੇ ਹੈ। ਦੋਵੇਂ ਟੀਮਾਂ ਪਲੇਆਫ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚ ਹਨ।