
ਰੂਸੀ ਖਿਡਾਰੀ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਓਪਨ ਯੁਗ ਦੇ ਸਭ ਤੋਂ ਵੱਧ ਗਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਖਿਡਾਰੀ ਬਣੇ
ਸੇਰੇਨਾ ਵਿਲੀਅਮਜ਼ ਦੇ 23 ਗਰੈਂਡਸਲੈਮ ਖਿਤਾਬ ਜਿੱਤਣ ਦੇ ਰੀਕਾਰਡ ਨੂੰ ਤੋੜਿਆ
ਨਿਊਯਾਰਕ: ਨੋਵਾਕ ਜੋਕੋਵਿਚ ਨੇ ਕਰੀਬ ਪੌਣੇ ਦੋ ਘੰਟੇ ਤਕ ਚੱਲੇ ਅਮਰੀਕੀ ਓਪਨ ਫ਼ਾਈਨਲ ’ਚ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਰੀਕਾਰਡ 24ਵਾਂ ਸਿੰਗਲਜ਼ ਗਰੈਂਡਸਲੈਮ ਜਿੱਤ ਲਿਆ।
ਲਗਭਗ ਇਕੋ ਜਿਹੇ ਤਰੀਕੇ ਨਾਲ ਖੇਡਣ ਵਾਲੇ ਦੋਵੇਂ ਖਿਡਾਰੀਆਂ ਵਿਚਕਾਰ ਮੁਕਾਬਲਾ ਰੋਚਕ ਰਿਹਾ। ਦਰਸ਼ਕਾਂ ਨੇ ਇਸ ਦਾ ਪੂਰਾ ਮਜ਼ਾ ਲਿਆ ਅਤੇ ਜਿੱਤਣ ਮਗਰੋਂ ਜੋਕੋਵਿਚ ਕੋਰਟ ’ਤੇ ਹੀ ਬੈਠ ਗਏ ਅਤੇ ਦਰਸ਼ਕਾਂ ਦੀ ਸ਼ਲਾਘਾ ਕਬੂਲੀ।
ਅਪਣੀ ਪੂਰੀ ਊਰਜਾ ਦਾ ਪ੍ਰਯੋਗ ਕਰ ਕੇ ਜੋਕੋਵਿਚ ਨੇ 6-3, 7-6, 6-3 ਨਾਲ ਜਿੱਤ ਦਰਜ ਕੀਤੀ। ਜਿੱਤ ਮਗਰੋਂ ਉਨ੍ਹਾਂ ਕਿਹਾ, ‘‘ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਥੇ ਖੜੇ ਹੋ ਕੇ 24ਵੇਂ ਗਰੈਂਡਸਲੈਮ ਬਾਰੇ ਗੱਲ ਕਰਾਂਗਾ। ਮੈਨੂੰ ਕਦੀ ਨਹੀਂ ਲਗਿਆ ਸੀ ਕਿ ਇਹ ਸੱਚ ਹੋਵੇਗਾ। ’’
ਓਪਨ ਯੁਗ ’ਚ ਸਭ ਤੋਂ ਵੱਧ ਉਮਰ ਦੇ ਚੈਂਪੀਅਨ ਬਣੇ ਸਰਬੀਆ ਦੇ ਇਸ ਖਿਡਾਰੀ ਨੇ ਕਿਹਾ, ‘‘ਪਿਛਲੇ ਕੁਝ ਸਾਲਾਂ ਤੋਂ ਮੈਨੂੰ ਲੱਗਣ ਲੱਗਾ ਸੀ ਕਿ ਸ਼ਾਇਦ ਮੈਂ ਅਜਿਹਾ ਕਰ ਸਕਦਾ ਹਾਂ। ਸ਼ਾਇਦ ਇਤਿਹਾਸ ਰਚ ਸਕਦਾ ਹਾਂ।’’
ਉਨ੍ਹਾਂ ਸੇਰੇਨਾ ਵਿਲੀਅਮਜ਼ ਨੂੰ ਪਛਾੜ ਦਿਤਾ ਜਿਨ੍ਹਾਂ ਦੇ ਨਾਂ 23 ਗਰੈਂਡਸਲੈਮ ਖਿਤਾਬ ਹਨ। ਓਪਨ ਯੁਗ ’ਚ 24 ਗਰੈਂਡਸਲੈਮ ਜਿੱਤਣ ਵਾਲੇ ਉਹ ਪਹਿਲੇ ਖਿਡਾਰੀ ਹਨ ਹਾਲਾਂਕਿ ਮਾਰਗਰੇਟ ਕੋਰਟ ਦੇ ਵੀ ਏਨੇ ਹੀ ਖਿਤਾਬ ਹਨ ਪਰ ਉਨ੍ਹਾਂ ’ਚੋਂ 13 ਪੇਸ਼ੇਵਰਾਂ ਨੂੰ ਸਲੈਮ ਟੂਰਨਾਮੈਂਟਾਂ ’ਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਦੇ ਹਨ।
ਹਾਰਨ ਤੋਂ ਬਾਅਦ ਮੇਦਵੇਦੇਵ ਨੇ ਕਿਹਾ, ‘‘ਆਖ਼ਰ ਉਹ ਨੋਵਾਕ ਹੈ। ਉਸ ਨੇ ਤਾਂ ਇੱਥੇ ਹੋਣਾ ਹੀ ਸੀ। ਯਕੀਨੀ ਤੌਰ ’ਤੇ ਮੈਨੂੰ ਦੁਖ ਹੈ। ਮੈਨੂੰ ਜਿੱਤਣਾ ਚਾਹੀਦਾ ਸੀ।’’
ਰੂਸ ਦੇ ਇਸ ਖਿਡਾਰੀ ਦਾ ਇਹ ਪੰਜਵਾਂ ਗਰੈਂਡ ਸਲੈਮ ਫ਼ਾਈਨਲ ਸੀ ਅਤੇ ਹੁਣ ਉਸ ਦਾ ਰੀਕਾਰਡ 1-4 ਦਾ ਹੋ ਗਿਆ ਹੈ। ਪਿਛਲੀ ਵਾਰੀ ਉਨ੍ਹਾਂ ਨੇ 2021 ’ਚ ਜੋਕੋਵਿਚ ਨੂੰ ਹਰਾ ਕੇ ਇਕ ਕੈਲੰਡਰ ਸਾਲ ’ਚ ਚਾਰੇ ਸਲੈਮ ਜਿੱਤਣ ਦਾ ਉਨ੍ਹਾਂ ਦਾ ਸੁਪਨਾਂ ਤੋੜਿਆ ਸੀ।
ਜੋਕੋਵਿਚ ਨੇ ਕਿਹਾ, ‘‘ਮੈਂ ਅਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਕਿ ਉਹ ਪਲ ਮੇਰੇ ਜ਼ਿਹਨ ’ਚ ਨਾ ਆਵੇ। ਦੋ ਸਾਲ ਪਹਿਲਾਂ ਇਹ ਹੋਇਆ ਸੀ ਅਤੇ ਮੈਂ ਚੰਗਾ ਨਹੀਂ ਖੇਡਿਆ ਸੀ।’’
ਇਹ ਉਨ੍ਹਾਂ ਦਾ ਚੌਥਾ ਅਮਰੀਕੀ ਓਪਨ ਖਿਤਾਬ ਹੈ। ਉਹ ਕੋਰੋਨਾ ਦਾ ਟੀਕਾ ਨਾ ਲਗਵਾਉਣ ਕਾਰਨ ਇਕ ਸਾਲ ਪਹਿਲਾਂ ਇਥੇ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਦਸ ਆਸਟਰੇਲੀਆਈ ਓਪਨ, ਸੱਤ ਵਿੰਬਲਡਲ ਅਤੇ ਤਿੰਨ ਫ਼ਰੈਂਚ ਓਪਨ ਵੀ ਜਿੱਤੇ ਹਨ।
ਸਪੇਨ ਦੇ ਰਾਫ਼ੇਲ ਨਾਡਾਲ ਦੇ ਨਾਂ 22 ਗਰੈਂਡ ਸਲੈਮ ਹਨ ਅਤੇ ਰੋਜਰ ਫ਼ੇਡਰਰ 20 ਗਰੈਂਡ ਸਲੈਡ ਜਿੱਤ ਦੇ ਰੀਟਾਇਰ ਹੋਏ। ਜੋਕੋਵਿਚ ਹੁਣ ਏ.ਟੀ.ਪੀ. ਰੈਂਕਿੰਗ ’ਚ ਸਿਖਰ ’ਤੇ ਕਾਬਜ਼ ਹੋ ਜਾਣਗੇ।