
12 ਮਹੀਨਿਆਂ ਲਈ ਮੁਅੱਤਲ
ਸਿਡਨੀ: ਹਾਕੀ ਆਸਟਰੇਲੀਆ ਨੇ ਪੈਰਿਸ ਓਲੰਪਿਕ ਦੌਰਾਨ ਕੋਕੀਨ ਖਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਆਸਟਰੇਲੀਆ ਦੇ ਹਾਕੀ ਖਿਡਾਰੀ ਟੌਮ ਕ੍ਰੇਗ ਨੂੰ 12 ਮਹੀਨਿਆਂ ਲਈ ਮੁਅੱਤਲ ਕਰ ਦਿਤਾ ਹੈ। ਕ੍ਰੇਗ ਨੂੰ 7 ਅਗੱਸਤ ਦੀ ਰਾਤ ਨੂੰ ਪੈਰਿਸ ਵਿਚ ਕੋਕੀਨ ਖਰੀਦਣ ਦੀ ਕੋਸ਼ਿਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਰਿਹਾਅ ਕਰ ਦਿਤਾ ਗਿਆ ਸੀ।
ਫਰਾਂਸ ਦੇ ਵਕੀਲਾਂ ਨੇ ਇਕ ਬਿਆਨ ਜਾਰੀ ਕਰ ਕੇ ਪੁਸ਼ਟੀ ਕੀਤੀ ਕਿ 29 ਸਾਲ ਦੇ ਓਲੰਪੀਅਨ ਅਤੇ ਟੋਕੀਓ ਓਲੰਪਿਕ ਚਾਂਦੀ ਤਮਗਾ ਜੇਤੂ ਨੂੰ ਅਪਰਾਧਕ ਚੇਤਾਵਨੀ ਦੇ ਨਾਲ ਰਾਤ ਨੂੰ ਹਿਰਾਸਤ ਵਿਚ ਰੱਖਣ ਤੋਂ ਬਾਅਦ ਰਿਹਾਅ ਕਰ ਦਿਤਾ ਗਿਆ ਹੈ।
ਹਾਕੀ ਆਸਟਰੇਲੀਆ ਨੇ ਬੁਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪੈਰਿਸ ਓਲੰਪਿਕ 2024 ਦੌਰਾਨ ਕੌਮੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਟੌਮ ਕ੍ਰੇਗ ਦੀ ਗ੍ਰਿਫਤਾਰੀ ਦੀ ਜਾਂਚ ਤੋਂ ਬਾਅਦ ਹਾਕੀ ਆਸਟਰੇਲੀਆ ਦੀ ਨੈਤਿਕਤਾ ਇਕਾਈ ਨੇ ਉਸ ਨੂੰ 12 ਮਹੀਨਿਆਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
ਇਸ ’ਚ ਕਿਹਾ ਗਿਆ, ‘‘ਛੇ ਮਹੀਨੇ ਪੂਰੀ ਤਰ੍ਹਾਂ ਮੁਅੱਤਲ ਰਹਿਣਗੇ ਅਤੇ ਬਾਕੀ 6 ਮਹੀਨੇ ਉਨ੍ਹਾਂ ਦੇ ਵਿਵਹਾਰ ’ਤੇ ਨਿਰਭਰ ਕਰਨਗੇ।’’ ਹਾਕੀ ਆਸਟਰੇਲੀਆ ਨੇ ਕਿਹਾ ਕਿ ਕ੍ਰੇਗ 2025 ਲਈ ਟੀਮ ਵਿਚ ਚੋਣ ਲਈ ਯੋਗ ਹੋਣਗੇ। ਆਸਟਰੇਲੀਆ ਦੀ ਟੀਮ ਪੈਰਿਸ ਓਲੰਪਿਕ ’ਚ ਛੇਵੇਂ ਸਥਾਨ ’ਤੇ ਰਹੀ ਸੀ।