
ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਖ਼ਿਲਾਫ਼ ਮੈਚ ਖੇਡ ਰਹੀ ਹੈ। ਟੀਮ ਇੰਡੀਆ ਦਾ ਟੂਰਨਾਮੈਂਟ 'ਚ ਤੀਜਾ ਮੈਚ ਹੈ।
ਹੈਮਿਲਟਨ: ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਖ਼ਿਲਾਫ਼ ਮੈਚ ਖੇਡ ਰਹੀ ਹੈ। ਟੀਮ ਇੰਡੀਆ ਦਾ ਟੂਰਨਾਮੈਂਟ 'ਚ ਤੀਜਾ ਮੈਚ ਹੈ। ਇਸ ਤੋਂ ਪਹਿਲਾਂ ਖੇਡੇ ਗਏ ਦੋ ਮੈਚਾਂ ਵਿਚ ਭਾਰਤੀ ਟੀਮ ਨੂੰ ਇਕ ਜਿੱਤ ਅਤੇ ਇਕ ਹਾਰ ਮਿਲੀ ਸੀ। ਇਸ ਮੈਚ ਵਿਚ ਭਾਰਤੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਨੇ ਕਰੀਬ 150 ਦੇ ਸਟ੍ਰਾਈਕ ਰੇਟ ਨਾਲ 31 ਦੌੜਾਂ ਬਣਾਈਆਂ ਪਰ ਕਪਤਾਨ ਮਿਤਾਲੀ ਰਾਜ ਦਾ ਬੱਲਾ ਇਕ ਵਾਰ ਫਿਰ ਸ਼ਾਂਤ ਰਿਹਾ।
ਬੱਲੇ ਨਾਲ ਨਾਕਾਮ ਰਹਿਣ ਤੋਂ ਬਾਅਦ ਵੀ ਮਿਤਾਲੀ ਰਾਜ ਨੇ ਮੈਦਾਨ 'ਤੇ ਉਤਰਦੇ ਹੀ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ। ਉਹ ਮਹਿਲਾ ਇਕ ਰੋਜ਼ਾ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਮੈਚਾਂ ਵਿਚ ਕਪਤਾਨੀ ਕਰਨ ਵਾਲੀ ਖਿਡਾਰਨ ਬਣ ਗਈ ਹੈ। ਕਪਤਾਨ ਵਜੋਂ ਮਿਤਾਲੀ ਦਾ ਇਹ 24ਵਾਂ ਵਿਸ਼ਵ ਕੱਪ ਮੈਚ ਹੈ। ਮਿਤਾਲੀ ਨੇ 2005 ਵਿਚ ਪਹਿਲੀ ਵਾਰ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਟੀਮ ਨੇ ਉਸ ਟੂਰਨਾਮੈਂਟ ਵਿਚ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।
Mithali Raj breaks the record for most matches captained in the ICC Women's Cricket World Cup ????#CWC22 pic.twitter.com/QwU0XY4Jdw
ਵਿਸ਼ਵ ਕੱਪ ਵਿਚ ਸਭ ਤੋਂ ਵੱਧ ਮੈਚਾਂ ਵਿਚ ਕਪਤਾਨੀ ਕਰਨ ਦੇ ਮਾਮਲੇ ਵਿਚ ਮਿਤਾਲੀ ਨੇ ਆਸਟਰੇਲੀਆ ਦੀ ਬੇਲਿੰਡਾ ਕਲਾਰਕ ਨੂੰ ਪਛਾੜਿਆ ਹੈ। 1997 ਅਤੇ 2005 ਦੇ ਵਿਚਕਾਰ ਬੇਲਿੰਡਾ ਨੇ 23 ਮੈਚਾਂ ਵਿਚ ਆਸਟਰੇਲੀਆ ਦੀ ਕਪਤਾਨੀ ਕੀਤੀ। ਵਿਸ਼ਵ ਕੱਪ ਦੇ 19 ਮੈਚਾਂ 'ਚ ਕਪਤਾਨੀ ਕਰਨ ਵਾਲੀ ਇੰਗਲੈਂਡ ਦੀ ਸੂਜ਼ਨ ਗੌਟਮੈਨ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ। ਸਰਗਰਮ ਕਪਤਾਨਾਂ ਵਿਚ ਮਿਤਾਲੀ ਤੋਂ ਬਾਅਦ ਇੰਗਲੈਂਡ ਦੀ ਹੀਥਰ ਨਾਈਟ ਆਉਂਦੀ ਹੈ। ਉਸ ਨੇ ਵਿਸ਼ਵ ਕੱਪ ਦੇ 11 ਮੈਚਾਂ ਵਿਚ ਕਪਤਾਨੀ ਕੀਤੀ ਹੈ।
ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਜਿੱਤ ਦੇ ਮਾਮਲੇ 'ਚ ਬੇਲਿੰਡਾ ਅਜੇ ਵੀ ਪਹਿਲੇ ਨੰਬਰ 'ਤੇ ਹੈ। ਉਹਨਾਂ ਦੀ ਕਪਤਾਨੀ 'ਚ ਆਸਟ੍ਰੇਲੀਆ ਨੇ 23 ਮੈਚਾਂ 'ਚ 21 ਜਿੱਤਾਂ ਦਰਜ ਕੀਤੀਆਂ ਸਨ। ਟੀਮ ਇਕ ਮੈਚ ਹਾਰ ਗਈ ਅਤੇ ਇੱਕ ਬੇ-ਨਤੀਜਾ ਰਿਹਾ। ਮਿਤਾਲੀ ਦੀ ਕਪਤਾਨੀ 'ਚ ਭਾਰਤ ਨੇ ਪਹਿਲੇ 23 ਮੈਚਾਂ 'ਚ 14 ਜਿੱਤਾਂ ਹਾਸਲ ਕੀਤੀਆਂ ਹਨ। ਟੀਮ ਨੂੰ ਵੀ 8 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਕ ਵਾਰ ਬੇਨਤੀਜਾ ਰਹੀ।