
ਕਿਹਾ, ਟੀਮ ਦਾ ਆਪਸੀ ਤਾਲਮੇਲ ਲਗਾਤਾਰ ਵਧ ਰਿਹਾ ਹੈ
ਬੇਂਗਲੁਰੂ: ਭਾਰਤ ਦੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਆਸਟਰੇਲੀਆ ਵਿਰੁਧ ਪੰਜ ਟੈਸਟ ਮੈਚਾਂ ਦੀ ਲੜੀ ਦੇ ਸਾਰੇ ਮੈਚ ਹਾਰਨ ਦੇ ਬਾਵਜੂਦ ਉਨ੍ਹਾਂ ਦੀ ਟੀਮ ਉਨ੍ਹਾਂ ਚੀਜ਼ਾਂ ਦੀ ਪਛਾਣ ਕਰਨ ’ਚ ਸਫਲ ਰਹੀ ਹੈ ਜਿਨ੍ਹਾਂ ’ਚ ਸੁਧਾਰ ਦੀ ਜ਼ਰੂਰਤ ਹੈ ਅਤੇ ਉਹ ਪ੍ਰੋ-ਲੀਗ ਦੇ ਯੂਰਪੀਅਨ ਪੜਾਅ ’ਚ ਹਿੱਸਾ ਲੈਣ ਲਈ ਤਿਆਰ ਹਨ।
ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਪਿਛਲੇ ਮਹੀਨੇ ਆਸਟਰੇਲੀਆ ਦੌਰੇ ’ਤੇ ਸਾਰੇ ਪੰਜ ਮੈਚ ਹਾਰ ਗਈ ਸੀ, ਜਿਸ ਨਾਲ ਇਸ ਸਾਲ ਪੈਰਿਸ ਓਲੰਪਿਕ ਦੀ ਤਿਆਰੀ ’ਤੇ ਸਵਾਲ ਖੜੇ ਹੋ ਗਏ ਸਨ। ਪਰ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੇ ਸੱਚਮੁੱਚ ਸਖਤ ਮਿਹਨਤ ਕੀਤੀ ਹੈ ਅਤੇ ਮਨੋਬਲ ਬਹੁਤ ਉੱਚਾ ਹੈ।
ਹਰਮਨਪ੍ਰੀਤ ਨੇ ਕਿਹਾ, ‘‘ਅਸੀਂ ਸਖਤ ਟ੍ਰੇਨਿੰਗ ਕਰ ਰਹੇ ਹਾਂ ਅਤੇ ਇਸ ਦੇ ਆਖਰੀ ਪੜਾਅ ’ਚ ਹਾਂ। ਆਸਟਰੇਲੀਆ ਦੌਰੇ ਤੋਂ ਬਾਅਦ ਟੀਮ ਨੇ ਉਨ੍ਹਾਂ ਖੇਤਰਾਂ ’ਤੇ ਕੰਮ ਕੀਤਾ ਜਿੱਥੇ ਉਸ ਨੂੰ ਲਗਦਾ ਸੀ ਕਿ ਉਸ ਨੂੰ ਸੁਧਾਰ ਦੀ ਜ਼ਰੂਰਤ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਜਲਦੀ ਹੀ ਕੁੱਝ ਮਹੱਤਵਪੂਰਨ ਪ੍ਰੋ-ਲੀਗ ਮੈਚ ਖੇਡਣ ਲਈ ਯੂਰਪ ਜਾਵਾਂਗੇ ਜਿੱਥੇ ਅਸੀਂ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਗ੍ਰੇਟ ਬ੍ਰਿਟੇਨ ਵਰਗੀਆਂ ਕੁੱਝ ਮਜ਼ਬੂਤ ਟੀਮਾਂ ਦਾ ਸਾਹਮਣਾ ਕਰਾਂਗੇ।’’ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਦਾ ਆਪਸੀ ਤਾਲਮੇਲ ਲਗਾਤਾਰ ਵਧ ਰਿਹਾ ਹੈ ਅਤੇ ਪੈਰਿਸ ਓਲੰਪਿਕ ਲਈ 75 ਦਿਨ ਬਾਕੀ ਹਨ ਅਤੇ ਅਸੀਂ ਅਪਣੀ ਬਿਹਤਰੀਨ ਸਥਿਤੀ ਵਿਚ ਰਹਿਣ ਲਈ ਕੰਮ ਕਰ ਰਹੇ ਹਾਂ।
ਭਾਰਤ ਅਪਣੇ ਓਲੰਪਿਕ ਅਭਿਆਨ ਦੀ ਸ਼ੁਰੂਆਤ 27 ਜੁਲਾਈ ਨੂੰ ਨਿਊਜ਼ੀਲੈਂਡ ਦੇ ਵਿਰੁਧ ਕਰੇਗਾ। ਪੂਲ ਬੀ ’ਚ ਹੋਰ ਟੀਮਾਂ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ ਅਤੇ ਆਇਰਲੈਂਡ ਹਨ। ਪੂਲ ਏ ’ਚ ਨੀਦਰਲੈਂਡ, ਜਰਮਨੀ, ਗ੍ਰੇਟ ਬਰਤਾਨੀਆਂ, ਸਪੇਨ, ਦਖਣੀ ਅਫਰੀਕਾ ਅਤੇ ਮੇਜ਼ਬਾਨ ਫਰਾਂਸ ਸ਼ਾਮਲ ਹਨ।