ਥੋਰਪ ਦੀ 5 ਅਗੱਸਤ ਨੂੰ 55 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ
ਲੰਡਨ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਗ੍ਰਾਹਮ ਥੋਰਪ ਪਿਛਲੇ ਦੋ ਸਾਲਾਂ ਤੋਂ ਅਪਣੀ ਖਰਾਬ ਸਿਹਤ ਕਾਰਨ ਡਿਪਰੈਸ਼ਨ ਅਤੇ ਚਿੰਤਾ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਖ਼ੁਦ ਅਪਣੀ ਜਾਨ ਲੈ ਲਈ। ਥੋਰਪ ਦੀ ਪਤਨੀ ਅਮਾਂਡਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ।
ਥੋਰਪ ਦੀ 5 ਅਗੱਸਤ ਨੂੰ 55 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਉਸ ਦੀ ਮੌਤ ਦਾ ਐਲਾਨ ਕੀਤਾ ਸੀ ਪਰ ਕੋਈ ਕਾਰਨ ਨਹੀਂ ਦਸਿਆ ਸੀ। ਹੁਣ ਉਨ੍ਹਾਂ ਦੀ ਪਤਨੀ ਨੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਐਥਰਟਨ ਨੂੰ ਦਿਤੇ ਇੰਟਰਵਿਊ ’ਚ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਨੇ ਦਿਹਾਂਤ ਤੋਂ ਪਹਿਲਾਂ ਅਪਣੇ ਨਾਲ ਲੰਬੀ ਮਾਨਸਿਕ ਅਤੇ ਸਰੀਰਕ ਲੜਾਈ ਲੜੀ ਸੀ।
ਥੋਰਪ ਦੀ ਪਤਨੀ ਨੇ ਕਿਹਾ, ‘‘ਇਕ ਪਤਨੀ ਅਤੇ ਦੋ ਧੀਆਂ ਹੋਣ ਦੇ ਬਾਵਜੂਦ, ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦਾ ਸੀ ਅਤੇ ਪੂਰੇ ਦਿਲ ਨਾਲ ਪਿਆਰ ਕਰਦਾ ਸੀ, ਉਹ ਠੀਕ ਨਹੀਂ ਹੋ ਸਕਿਆ। ਉਹ ਹਾਲ ਹੀ ਦੇ ਸਮੇਂ ’ਚ ਕਾਫ਼ੀ ਬਿਮਾ਼ਰ ਸੀ ਅਤੇ ਸੱਚਮੁੱਚ ਸੋਚਦਾ ਸੀ ਕਿ ਅਸੀਂ ਉਸ ਤੋਂ ਬਗ਼ੈਰ ਬਿਹਤਰ ਜੀਵਾਂਗੇ ਅਤੇ ਆਖ਼ਰ ਉਸ ਨੇ ਅਪਣੀ ਜਾਨ ਲੈ ਲਈ।’’
ਥੋਰਪ ਦੀ ਯਾਦ ’ਚ ਪਿਛਲੇ ਸਨਿਚਰਵਾਰ ਨੂੰ ਫਰਨਹੈਮ ਕ੍ਰਿਕਟ ਕਲੱਬ ਅਤੇ ਚਿਪਸਟੇਡ ਕ੍ਰਿਕਟ ਕਲੱਬ ਵਿਚਾਲੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਬੇਟੀਆਂ ਕਿੱਟੀ (22) ਅਤੇ ਐਮਾ (19) ਦੀ ਮੌਜੂਦਗੀ ਵਿਚ ਕੀਤੀ ਗਈ ਸੀ।
ਅਮਾਂਡਾ ਨੇ ਕਿਹਾ, ‘‘ਗ੍ਰਾਹਮ ਪਿਛਲੇ ਕੁੱਝ ਸਾਲਾਂ ਤੋਂ ਡਿਪਰੈਸ਼ਨ ਅਤੇ ਚਿੰਤਾ ਤੋਂ ਪੀੜਤ ਸੀ। ਇਸ ਕਾਰਨ ਉਸ ਨੇ ਮਈ 2022 ’ਚ ਅਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਨੂੰ ਕਈ ਦਿਨ ਇੰਟੈਂਸਿਵ ਕੇਅਰ ਯੂਨਿਟ ’ਚ ਬਿਤਾਉਣੇ ਪਏ। ਉਹ ਉਦਾਸੀਨਤਾ ਅਤੇ ਚਿੰਤਾ ਦਾ ਸ਼ਿਕਾਰ ਸੀ ਜੋ ਕਈ ਵਾਰ ਬਹੁਤ ਗੰਭੀਰ ਹੋ ਜਾਂਦਾ ਸੀ।’’