
26 ਸਾਲਾ ਅਥਲੀਟ ਦੇ ਨਮੂਨੇ ਵਿਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜ਼ੋਲੋਲ) ਦੀ ਮੌਜੂਦਗੀ ਜਾਂ ਵਰਤੋਂ ਕਾਰਨ ਪਾਬੰਦੀ ਲਗਾਈ ਗਈ ਹੈ।
ਨਵੀਂ ਦਿੱਲੀ: ਵਿਸ਼ਵ ਅਥਲੈਟਿਕਸ ਦੀ ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਓਲੰਪੀਅਨ ਡਿਸਕਸ ਥਰੋਅਰ ਕਮਲਪ੍ਰੀਤ ਕੌਰ 'ਤੇ ਤਿੰਨ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਬੁੱਧਵਾਰ ਨੂੰ ਏਆਈਯੂ ਨੇ ਇਕ ਟਵੀਟ ਵਿਚ ਕਿਹਾ ਕਿ ਪੰਜਾਬ ਦੀ 26 ਸਾਲਾ ਅਥਲੀਟ ਦੇ ਨਮੂਨੇ ਵਿਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜ਼ੋਲੋਲ) ਦੀ ਮੌਜੂਦਗੀ ਜਾਂ ਵਰਤੋਂ ਕਾਰਨ ਪਾਬੰਦੀ ਲਗਾਈ ਗਈ ਹੈ। ਏਆਈਯੂ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਸੀ ਕਿ ਇਹ ਨਮੂਨਾ ਇਸ ਸਾਲ 7 ਮਾਰਚ ਨੂੰ ਪਟਿਆਲਾ ਵਿਚ ਲਿਆ ਗਿਆ ਸੀ।
ਇਸ ਤੋਂ ਬਾਅਦ ਇਸ ਨੂੰ ਜਾਂਚ ਲਈ ਭੇਜਿਆ ਗਿਆ ਅਤੇ ਇਸ ਵਿਚ ਸਟੈਨੋਜ਼ੋਲੋਲ ਦੇ ਅੰਸ਼ ਪਾਏ ਗਏ ਹਨ। ਕਮਲਪ੍ਰੀਤ ਕੌਰ 'ਤੇ ਪਾਬੰਦੀ 29 ਮਾਰਚ 2022 ਤੋਂ ਲਾਗੂ ਹੋਵੇਗੀ। ਯਾਨੀ ਉਹ ਅਗਲੇ ਤਿੰਨ ਸਾਲਾਂ ਤੱਕ ਕਿਸੇ ਵੀ ਈਵੈਂਟ ਵਿੱਚ ਹਿੱਸਾ ਨਹੀਂ ਲੈ ਸਕੇਗੀ, 7 ਮਾਰਚ ਤੋਂ ਬਾਅਦ ਉਸ ਨੇ ਕਿਸੇ ਵੀ ਈਵੈਂਟ ਵਿੱਚ ਹਿੱਸਾ ਲਿਆ ਹੈ, ਉਸ ਦੇ ਨਤੀਜੇ ਨਹੀਂ ਮੰਨੇ ਜਾਣਗੇ। ਉਸ ਨੂੰ ਏਆਈਯੂ ਨੇ 29 ਮਾਰਚ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ।
26 ਸਾਲਾ ਕਮਲਪ੍ਰੀਤ ਕੌਰ ਨੇ ਟੋਕੀਓ 2020 ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਉਸ ਨੇ ਕੁਆਲੀਫਾਇੰਗ ਰਾਊਂਡ ਵਿਚ 64 ਮੀਟਰ ਦਾ ਸਰਵੋਤਮ ਥਰੋਅ ਕੀਤਾ। ਉਹ 31 ਐਥਲੀਟਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਰਹੀ। ਕਮਲਪ੍ਰੀਤ ਕੌਰ ਨੇ ਪਿਛਲੇ ਸਾਲ ਇੰਡੀਅਨ ਗ੍ਰਾਂਡ ਪ੍ਰਿਕਸ ਵਿਚ ਰਾਸ਼ਟਰੀ ਰਿਕਾਰਡ ਬਣਾਇਆ ਸੀ। ਜੂਨ ਵਿਚ ਉਸ ਨੇ 66.59 ਮੀਟਰ ਦੇ ਥਰੋਅ ਨਾਲ ਇਕ ਰਾਸ਼ਟਰੀ ਰਿਕਾਰਡ ਬਣਾਇਆ ਅਤੇ ਟੋਕੀਓ ਓਲੰਪਿਕ ਵਿਚ ਆਪਣੀ ਜਗ੍ਹਾ ਵੀ ਪੱਕੀ ਕੀਤੀ।