
ਭਾਰਤ ਵੱਲੋਂ ਫ਼ੁੱਟਬਾਲ ਦੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਰਾਹ ਪੱਧਰਾ ਹੋ ਗਿਆ ਹੈ।
ਨਵੀਂ ਦਿੱਲੀ: ਫ਼ੁਟਬਾਲ ਖੇਡ ਦੀ ਅੰਤਰਰਾਸ਼ਟਰੀ ਗਵਰਨਿੰਗ ਕਰਦੀ ਸੰਸਥਾ 'ਫ਼ੀਫ਼ਾ' ਵੱਲੋਂ ਅਖਿਲ ਭਾਰਤੀ ਫ਼ੁਟਬਾਲ ਫ਼ੈਡਰੇਸ਼ਨ (ਏ.ਆਈ.ਐਫ਼.ਐਫ਼) ਉੱਤੋਂ ਪਾਬੰਦੀ ਹਟਾ ਲਏ ਜਾਣ ਤੋਂ ਬਾਅਦ ਭਾਰਤ ਵੱਲੋਂ ਫ਼ੁੱਟਬਾਲ ਦੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਰਾਹ ਪੱਧਰਾ ਹੋ ਗਿਆ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਸ ਬਾਰੇ ਇੱਕ ਟਵੀਟ ਕੀਤਾ ਅਤੇ ਇਸ ਨੂੰ ਫ਼ੁੱਟਬਾਲ ਪ੍ਰਸ਼ੰਸਕਾਂ ਦੀ ਜਿੱਤ ਕਰਾਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਫ਼ੀਫ਼ਾ ਨੇ ਅਖਿਲ ਭਾਰਤੀ ਫ਼ੁਟਬਾਲ ਫ਼ੈਡਰੇਸ਼ਨ ਉੱਪਰੋਂ 'ਤੀਜੇ ਧਿਰ ਦੇ ਅਣਉਚਿਤ ਪ੍ਰਭਾਵ' ਕਾਰਨ ਲਗਾਈ ਪਾਬੰਦੀ ਨੂੰ ਹਟਾ ਦਿੱਤਾ ਹੈ, ਅਤੇ ਹੁਣ 11 ਤੋਂ 30 ਅਕਤੂਬਰ ਤੱਕ ਭਾਰਤ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਸਰਵਉੱਚ ਅਦਾਲਤ ਵੱਲੋਂ ਫ਼ੈਡਰੇਸ਼ਨ ਪ੍ਰਸ਼ਾਸਕਾਂ ਦਾ ਕਾਰਜਕਾਲ ਖ਼ਤਮ ਕਰ ਦਿੱਤਾ ਗਿਆ ਜਿਹੜੀ ਕਿ ਪਾਬੰਦੀ ਹਟਾਉਣ ਦੀ ਪਹਿਲੀ ਸ਼ਰਤ ਸੀ। ਫ਼ੀਫ਼ਾ ਨੇ ਇਹ ਪਾਬੰਦੀ 15 ਅਗਸਤ ਨੂੰ ਲਗਾਈ ਸੀ ਅਤੇ ਸਪੱਸ਼ਟ ਕੀਤਾ ਸੀ ਕਿ ਭਾਰਤ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰ ਸਕਦਾ, ਪਰ ਹੁਣ ਭਾਰਤ ਦਾ ਇਸ ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਰਾਹ ਬਿਲਕੁਲ ਸਾਫ਼ ਹੋ ਗਿਆ ਹੈ।
FIFA lifts suspension of Indian football federation
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਸ ਬਾਰੇ ਕੀਤੇ ਆਪਣੇ ਟਵੀਟ 'ਚ ਲਿਖਿਆ, "ਇਹ ਗੱਲ ਸਾਂਝੀ ਕਰਦੇ ਹੋਏ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਫ਼ੀਫ਼ਾ ਦੇ ਬਿਊਰੋ ਨੇ ਏ.ਆਈ.ਐਫ਼.ਐਫ਼. 'ਤੇ ਲਗਾਈ ਪਾਬੰਦੀ ਤੁਰੰਤ ਪ੍ਰਭਾਵ ਨਾਲ ਹਟਾਉਣ ਦਾ ਫ਼ੈਸਲਾ ਲਿਆ ਹੈ। ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਹੁਣ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ 11 ਤੋਂ 30 ਅਕਤੂਬਰ ਨੂੰ ਭਾਰਤ ਵਿਖੇ ਹੋਵੇਗਾ। ਇਹ ਫ਼ੁੱਟਬਾਲ ਪ੍ਰਸ਼ੰਸਕਾਂ ਦੀ ਜਿੱਤ ਹੈ।"