
ਗੋਲੀਆਂ ਅਤੇ ਖਤਰਨਾਕ ਸਪਲੀਮੈਂਟ ਨੌਜਵਾਨਾਂ ਨੂੰ ਅੰਦਰੋਂ ਕਰ ਰਹੇ ਹਨ ਖੋਖਲਾ
ਚੰਡੀਗੜ੍ਹ : ਬੀਤੇ ਦਿਨੀਂ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ ਰਿਸ਼ਟ-ਪੁਸ਼ਟ ਬਾਡੀ ਬਿਲਡਰ ਜੋ ਇਕ ਛੋਟਾ ਅਪ੍ਰੇਸ਼ਨ ਕਰਵਾਉਣ ਲਈ ਅੰਮ੍ਰਿਤਸਰ ਵਿਖੇ ਇਕੱਲਾ ਹੀ ਜਾਂਦਾ ਹੈ ਕਿਉਂਕਿ ਉਸ ਨੂੰ ਆਪਣੇ ਆਪ ’ਤੇ ਮਾਣ ਸੀ ਇਹ ਇਕ ਛੋਟਾ ਜਿਹਾ ਅਪ੍ਰੇਸ਼ਨ ਹੈ ਜਿਸ ਨੂੰ ਕਰਵਾਉਣ ਤੋਂ ਬਾਅਦ ਮੈਂ ਆਪਣੇ ਘਰ ਵਾਪਸ ਪਰਤ ਆਵਾਂਗਾ। ਪਰ ਕੁਦਰਤ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ ਜਦੋਂ ਵਰਿੰਦਰ ਘੁੰਮਣ ਦਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਤਾਲ ਵਿਚ ਅਪ੍ਰੇਸ਼ਨ ਕੀਤਾ ਜਾਂਦਾ ਹੈ ਤਾਂ ਇਸੇ ਦੌਰਾਨ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਇਸ ਅਚਾਨਕ ਹੋਈ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਸ ਬਾਡੀ ਬਿਲਡਰ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਪਵਨ ਵੱਲੋਂ ਬਾਡੀ ਬਿਲਡਰ ਵਰੁਣ ਸੱਘੜ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਦੇ ਨੌਜਵਾਨ ਕਿਸ ਤਰ੍ਹਾਂ ਵੱਖ-ਵੱਖ ਪ੍ਰਕਾਰ ਦੇ ਸਪਲੀਮੈਂਟਾਂ ਦੀ ਵਰਤੋਂ ਕਰਕੇ ਆਪਣਾ ਬਾਹਰੋਂ ਦਿਖਣ ਵਾਲਾ ਸਰੀਰ ਤਾਂ ਜ਼ਰੂਰ ਬਣਾ ਲੈਂਦੇ ਹਨ ਪਰ ਉਹ ਅੰਦਰੋਂ ਖੋਖਲੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਹਰ ਨੌਜਵਾਨ ਮੁੰਡਾਂ ਅਤੇ ਕੁੜੀ ਸੋਹਣਾ ਅਤੇ ਖੂਬਸੂਰਤ ਦਿਖਣ ਲਈ ਜਿੰਮ ਜੁਆਇਨ ਕਰਦਾ ਹੈ। ਜਿੰਮ ਜਾ ਕੇ ਹਰ ਨੌਜਵਾਨ ਸਖਤ ਮਿਹਨਤ ਕਰਦਾ ਹੈ ਪਰ ਜਦੋਂ ਨੌਜਵਾਨਾਂ ਦੀ ਲਗਾਤਾਰ ਜਿੰਮ ਕਰਨ ਤੋਂ ਬਾਅਦ ਵੀ ਚੰਗੀ ਸਿਹਤ ਨਹੀਂ ਬਣਦੀ ਤਾਂ ਉਹ ਕਈ ਤਰ੍ਹਾਂ ਦੇ ਸਪਲੀਮੈਂਟਾਂ ਦਾ ਇਸਤੇਮਾਲ ਕਰਦੇ ਹਨ। ਜਦੋਂ ਜਿੰਮ ਜਾਣ ਵਾਲੇ ਨੌਜਵਾਨ ਇਹ ਸਪਲੀਮੈਂਟ ਲੈਣੇ ਸ਼ੁਰੂ ਕਰ ਦਿੰਦੇ ਹਨ ਤਾਂ ਉਨ੍ਹਾਂ ਦੀ ਸਿਹਤ ਵਿਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਦੇਖ ਕੇ ਨੌਜਵਾਨ ਖੁਸ਼ ਹੁੰਦੇ ਹਨ। ਨੌਜਵਾਨ ਆਪਣੀ ਬਣਦੀ ਹੋਈ ਸਿਹਤ ਨੂੰ ਦੇਖ ਕੇ ਲਗਾਤਾਰ ਜਿੰਮ ਕਰਦੇ ਰਹਿੰਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਸਪਲੀਮੈਂਟਾਂ ਦਾ ਸੇਵਨ ਕਰਦੇ ਰਹਿੰਦੇ ਹਨ। ਇਹੀ ਸਪਲੀਮੈਂਟ ਜਿੰਮ ਲਾਉਣ ਵਾਲੇ ਨੌਜਵਾਨਾਂ ਲਈ ਕਿਤੇ ਨਾ ਕਿਤੇ ਘਾਤਕ ਵੀ ਸਾਬਤ ਹੁੰਦੇ ਹਨ। ਬਾਡੀ ਬਿਲਡਰ ਵਰੁਣ ਸੱਘੜ ਨੇ ਦੱਸਿਆ ਕਿ ਮੈਂ ਦੇਖਿਆ ਕਿ ਜਿਸ ਦਿਨ ਜਿੰਮ ਜਾਣ ਵਾਲੇ ਨੌਜਵਾਨ ਕਿਸੇ ਤਰ੍ਹਾਂ ਦੇ ਸਪਲੀਮੈਂਟ ਦੀ ਵਰਤੋਂ ਨਹੀਂ ਕਰਦੇ ਜਾਂ ਉਨ੍ਹਾਂ ਕੋਲ ਸਪਲੀਮੈਂਟ ਖਤਮ ਹੋਇਆ ਹੁੰਦਾ ਹੈ ਤਾਂ ਉਹ ਜਿੰਮ ਜਾਣ ਤੋਂ ਕਤਰਾਉਂਦੇ ਹਨ ਅਤੇ ਜੇਕਰ ਉਹ ਜਿੰਮ ਚਲੇ ਵੀ ਜਾਂਦੇ ਹਨ ਤਾਂ ਉਨ੍ਹਾਂ ਕੋਲੋਂ ਜਿਮ ਵਿਚ ਉਸ ਤਰ੍ਹਾਂ ਐਕਸਾਈਜ਼ ਨਹੀਂ ਕੀਤੀ ਜਾਂਦੀ, ਜਿਸ ਤਰ੍ਹਾਂ ਉਹ ਬਾਜ਼ਾਰ ਤੋਂ ਮਿਲਣ ਵਾਲੇ ਸਪਲੀਮੈਂਟ ਖਾ ਕੇ ਐਕਸਰਸਾਈਜ਼ਰ ਕਰ ਲੈਂਦੇ ਹਨ।
ਬਾਡੀ ਬਿਲਡਿੰਗ ਅੱਜ ਦੇ ਜ਼ਮਾਨੇ ਵਿਚ ਬੜਾ ਪੇਚੀਦਾ ਜਿਹਾ ਵਿਸ਼ਾ ਬਣ ਗਿਆ ਹੈ। ਬਾਡੀ ਬਿਲਡਰਜ਼ ਦੀ ਭਰੀ ਜਵਾਨੀ ਵਿਚ ਮੌਤ ਹੋ ਰਹੀ ਅਤੇ ਹਰ ਮਹੀਨੇ ਅਜਿਹੀਆਂ ਦੋ-ਚਾਰ ਖ਼ਬਰਾਂ ਸਾਨੂੰ ਸੁਣਨ ਨੂੰ ਮਿਲ ਜਾਂਦੀਆਂ ਹਨ। ਇਸ ਸਬੰਧੀ ਸੋਚਿਆ ਜਾਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਕੋਈ ਅਜਿਹੀ ਗਲਤੀ ਹੋ ਰਹੀ ਹੈ ਜੋ ਨੌਜਵਾਨਾਂ ਲਈ ਘਾਤਕ ਸਾਬਤ ਹੋ ਰਹੀ ਹੈ। ਜਿੰਨੇ ਵੀ ਬਾਡੀ ਬਿਲਡਰਾਂ ਨੂੰ ਅਸੀਂ ਸੋਸ਼ਲ ਮੀਡੀਆ ’ਤੇ ਦੇਖਦੇ ਹਾਂ ਤਾਂ ਉਹ ਸਾਰੇ ਆਪਣੇ ਆਪ ਨੂੰ ਨੈਚੂਰਲ ਦੱਸਦੇ ਹਨ ਜਦਕਿ ਇਨ੍ਹਾਂ ਵਿਚੋਂ ਨੈਚੂਰਲ ਕੋਈ ਵੀ ਨਹੀਂ ਹੁੰਦਾ। ਉਹ ਸਿਰਫ਼ ਆਪਣੀ ਫੈਨ ਫੌÇਲੰਗ ਬਣਾਉਣ ਲਈ ਅਜਿਹਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਵੀ ਅਜਿਹੇ ਬਣ ਸਕਦੇ ਹਨ। ਉਹ ਕਹਿੰਦੇ ਹਨ ਕਿ ਮੈਂ ਤਾਂ ਐਕਸਸਾਈਜ਼ ਲਾਉਣ ਤੋਂ ਪਹਿਲਾਂ ਇਹ ਸਪਲੀਮੈਂਟ ਖਾਧਾ ਸੀ ਤੁਸੀਂ ਵੀ ਖਾਓ, ਜਿਸ ਤੋਂ ਬਾਅਦ ਤੁਸੀਂ ਆਪਣੀ ਵਧੀ ਬਾਡੀ ਬਣਾ ਸਕਦੇ ਹੋ। ਸਾਡੇ ਪਿੰਡਾਂ ਅਤੇ ਸ਼ਹਿਰਾਂ ਦੇ ਭੋਲੇ-ਭਾਲੇ ਨੌਜਵਾਨ ਇਨ੍ਹਾਂ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਉਹ ਇਕ-ਦੋ ਮਹੀਨਿਆਂ ਦੇ ਅੰਦਰ ਹੀ ਆਪਣਾ ਚੰਗਾ ਸਰੀਰ ਬਣਾਉਣਾ ਚਾਹੁੰਦੇ ਹਨ। ਜਦਕਿ ਉਹ ਇਹ ਨਹੀਂ ਦੇਖਦੇ ਕਿ ਜਿਸ ਨੂੰ ਉਹ ਫੌਲੋ ਕਰ ਰਹੇ ਹਨ ਉਸ ਵਿਅਕਤੀ ਨੇ ਆਪਣਾ ਸਰੀਰ ਬਣਾਉਣ ਪਿੱਛੇ ਕਿੰਨੀ ਕੁ ਮਿਹਨਤ ਕੀਤੀ ਹੈ ਜਾਂ ਕਿੰਨਾ ਕੁ ਸਮਾਂ ਦਿੱਤਾ ਹੈ।
ਅੱਜ ਕੱਲ੍ਹ ਬਹੁਤ ਸਾਰੇ ਫੇਕ ਟਰੇਨਰ ਵੀ ਹਨ ਜਿਹੜੇ ਇਹ ਨਹੀਂ ਸੋਚਦੇ ਕਿ ਜਿੰਮ ਜੁਆਇਨ ਕਰਨ ਵਾਲੇ ਨੌਜਵਾਨ ਨੂੰ ਕਿੰਨੀ ਕੁ ਦੇਰ ਬੇਸਿਕ ਵਰਕ ਆਊਟ ਕਰਵਾਉਣਾ ਹੈ ਜਾਂ ਉਸ ਦਾ ਸ਼ਡਿਊਲ ਕਿਸ ਤਰ੍ਹਾਂ ਸੈੱਟ ਕਰਨਾ ਹੈ। ਜਦੋਂ ਜਿੰਮ ਟਰੇਨਰ ਦੇਖਦੇ ਹੈ ਕਿ ਨੌਜਵਾਨ ਵੇਟ ਨਹੀਂ ਲਗਾ ਰਿਹਾ ਤਾਂ ਉਹ ਉਨ੍ਹਾਂ ਨੂੰ ਸਪਲੀਮੈਂਟ ਦਿੰਦੇ ਹਨ ਕਿ ਤੁਸੀਂ ਵੇਟ ਲਾਉਣ ਤੋਂ 15 ਮਿੰਟ ਪਹਿਲਾਂ ਲੈਣਾ ਅਤੇ ਉਸ ਤੋਂ ਬਾਅਦ ਨੌਜਵਾਨ ਵੇਟ ਲਗਾਉਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਨੌਜਵਾਨ ਦੇ ਸਰੀਰ ਵਿਚ ਐਨਰਜੀ ਆ ਜਾਂਦੀ ਹੈ। ਸਿਹਤ ਬਣਾਉਣ ਲਈ ਜਿੰਮ ਜਾਣ ਵਾਲੇ ਨੌਜਵਾਨ ਸਪਲੀਮੈਂਟਾਂ ’ਤੇ ਨਿਰਭਰ ਹੋ ਕੇ ਰਹਿ ਜਾਂਦੇ ਹਨ ਜਦਕਿ ਉਹ ਆਪਣੀ ਦਿਮਾਗੀ ਤਾਕਤ ਦਾ ਇਸਤੇਮਾਲ ਨਹੀਂ ਕਰਦੇ। ਵਰੁਣ ਸੁੱਘੜ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਪਲੀਮੈਂਟ ’ਤੇ ਜ਼ਿਆਦਾ ਨਿਰਭਰ ਨਾ ਹੋਣ ਅਤੇ ਕੁਦਰਤੀ ਖੁਰਾਕ ਖਾਣ ਜੋ ਉਨ੍ਹਾਂ ਨੂੰ ਸਿਹਤ ਬਣਾਉਣ ਵਿਚ ਮਦਦ ਕਰੇਗਾ ਅਤੇ ਉਨ੍ਹਾਂ ਦੀ ਬਾਡੀ ਲੰਬੇ ਸਮੇਂ ਤੱਕ ਬਣੀ ਰਹੇਗੀ।
ਅੱਜ ਦੇ ਜ਼ਮਾਨੇ ’ਚ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਿਰਫ਼ ਪੈਸੇ ਨਾਲ ਮਤਲਬ ਹੈ। ਹਰ ਕੋਈ ਸੋਚਦਾ ਹੈ ਕਿ ਮੈਨੂੰ ਇਹ ਸਪਲੀਮੈਂਟ ਵੇਚ ਕੇ ਕਿੰਨਾ ਪੈਸਾ ਬਣ ਰਿਹਾ ਹੈ ਮੈਨੂੰ ਕਿਸੇ ਦੀ ਸਿਹਤ ਨਾਲ ਕੋਈ ਮਤਲਬ ਨਹੀਂ ਹੈ। ਵਰੁਣ ਸੁੱਘੜ ਨੇ ਕਿਹਾ ਕਿ ਮੈਂ ਤਾਂ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਨੈਚੂਰਲ ਖੁਰਾਕ ਦਾ ਕੋਈ ਮੁਕਾਬਲਾ ਨਹੀਂ ਹੈ, ਜੇਕਰ ਤੁਸੀਂ ਅੱਜ ਐਕਸਾਈਜ਼ ਲਾਉਂਦੇ ਹੋ ਤਾਂ 40 ਸਾਲਾਂ ਮਗਰੋਂ ਵੀ ਕੁਦਰਤੀ ਖੁਰਾਕ ਖਾਣ ਵਾਲਿਆਂ ਦੀ ਐਕਸਾਈਜ਼ ਵਿਚ ਕੋਈ ਫ਼ਰਕ ਨਹੀਂ ਆਵੇਗਾ। ਅੱਜ ਕੱਲ੍ਹ ਤਾਂ ਸਟੀਰਾਈਡ ਇਸ ਤਰ੍ਹਾਂ ਹੋ ਗਿਆ ਹੈ ਕਿ 18-20 ਸਾਲ ਦੇ ਨੌਜਵਾਨ ਯੂਟਿਊਬ ਤੋਂ ਦੇਖ ਕੇ ਖੁਦ ਹੀ ਖਰੀਦ ਲੈਂਦੇ ਅਤੇ ਉਹ ਇਹ ਨਹੀਂ ਸੋਚਦੇ ਕਿ ਇਸ ਨਾਲ ਨੁਕਸਾਨ ਹੋਵੇਗਾ ਜਾਂ ਫਾਇਦਾ ਹੋਵੇਗਾ।
ਇਹ 90 ਦੇ ਦਹਾਕੇ ਦੀ ਗੱਲ ਜਦੋਂ ਡੈਕਾਰਿਊਬਲਿਨ ਤੇ ਡੈਨਾਬੋਲ ਦੀ ਕਾਢ ਹੋਈ ਸੀ ਅਤੇ ਇਹ ਡਾਕਟਰਾਂ ਵੱਲੋਂ ਉਨ੍ਹਾਂ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਸੀ ਜਿਨ੍ਹਾਂ ਨੂੰ ਗੋਡਿਆਂ ਦੀ ਗਰੀਸ ਦੀ ਸਮੱਸਿਆ ਹੁੰਦੀ ਸੀ। ਅੱਜ ਕੱਲ੍ਹ ਵੀ ਡਾਕਟਰਾਂ ਵੱਲੋਂ ਇਹ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਗੋਡਿਆਂ ’ਚੋਂ ਕੜਕੜ ਦੀ ਅਵਾਜ਼ ਆਉਂਦੀ ਹੈ। ਐਨਾਬੌਲਿਕ ਨੂੰ ਸਿਰਫ਼ ਮਸਲ ਵਧਾਉਣ ਲਈ ਨਹੀਂ ਵਰਤਿਆ ਜਾਂਦਾ ਸਗੋਂ ਇਸ ਦੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹਨ। ਪਰ ਡਾਕਟਰਾਂ ਵੱਲੋਂ ਇਸ ਦੀ ਡੋਜ਼ ਨਿਰਧਾਰਤ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਬਾਡੀ ਬਿਲਡਿੰਗ ’ਚ ਇਨ੍ਹਾਂ ਨੂੰ ਕੋਈ ਵੀ 50 ਜਾਂ 100 ਐਮਜੀ ਤੋਂ ਸ਼ੁਰੂ ਹੀ ਨਹੀਂ ਕਰਦਾ ਸਗੋਂ 250 ਐਮਜੀ ਡੈਕਾ ਅਤੇ 500 ਐਮਜੀ ਟੈਸਟਾ ਇਸ ਤਰ੍ਹਾਂ ਦੀ ਡੋਜ਼ ਲੈਂਦੇ ਹਨ ਜੋ ਕਿਤੇ ਨਾ ਕਿਤੇ ਜਾ ਬਾਡੀ ਬਿਲਡਰਾਂ ਲਈ ਘਾਤਕ ਸਾਬਤ ਹੁੰਦੀ ਹੈ। ਜਦੋਂ ਇਨ੍ਹਾਂ ਦਾ ਸੇਵਨ ਨਹੀਂ ਕੀਤਾ ਜਾਂਦਾ ਤਾਂ ਮਿਹਨਤ ਕਰਦੇ ਬਣਾਇਆ ਗਿਆ ਸਰੀਰ ਪਹਿਲਾਂ ਵਾਲੇ ਸਰੀਰ ਨਾਲੋਂ ਵੀ ਪਿੱਛੇ ਚਲੇ ਜਾਂਦਾ ਹੈ। ਜਿੰਮਾਂ ’ਚ ਜਾਣ ਵਾਲੇ ਨੌਜਵਾਨ ਪੈਸੇ ਖਰਚ ਖਰਚ ਕੇ ਮੌਤ ਖਰੀਦ ਰਹੇ ਹਨ।