ਚੰਡੀਗੜ੍ਹ ਯੂਨੀਵਰਸਿਟੀ ਨੇ ਖੇਲੋ ਇੰਡੀਆ ਗੇਮਜ਼-2025 ਦੀਆਂ ਜੇਤੂ ਟੀਮ ਦਾ ਸੈਕਟਰ 42 ਦੇ ਸਟੇਡੀਅਮ ਵਿਖੇ ਪੁੱਜੇ ’ਤੇ ਕੀਤਾ ਭਰਵਾਂ ਸਵਾਗਤ
ਚੰਡੀਗੜ੍ਹ/ਮੋਹਾਲੀ: ਖੇਲੋ ਇੰਡੀਆ ਗੇਮਜ਼-2025 ਚੈਂਪੀਅਨਸ਼ਿਪ ’ਚ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਜੇਤੂ ਟੀਮਾਂ ਤੇ ਐਥਲੀਟਾਂ ਦਾ ਚੰਡੀਗੜ੍ਹ ਦੇ 42 ਸਟੇਡੀਅਮ ਵਿਖੇ ਪਹੁੰਚਣ ’ਤੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸੀਯੂ ਦੇ ਐਥਲੀਟਾਂ ਨੇ ਰਾਜਸਥਾਨ ’ਚ ਹੋਈਆਂ 5ਵੀਂਆਂ ਖੋਲੋ ਇੰਡੀਆ ਯੂਨੀਵਰਸਿਟੀ ਗੇਮਜ਼ (ਕੇਆਈਯੂਜੀ)-2025 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 42 ਸੋਨੇ, 14 ਚਾਂਦੀ ਅਤੇ 11 ਤਮਗੇ ਜਿੱਤ ਕੇ ਚੋਟੀ ਦਾ ਸਥਾਨ ਹਾਸਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। 2020 ’ਚ ਹੋਈ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦੀ ਸ਼ੁਰੂਆਤ ਤੋਂ ਬਾਅਦ ਲਗਾਤਾਰ ਦੋ ਸਾਲ ਕੇਆਈਯੂਜੀ ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ 174 ਐਥਲੀਟਾਂ ਨੇ ਹਿੱਸਾ ਲਿਆ ਸੀ, ਜਿਸ ਵਿਚ 74 ਲੜਕੇ ਅਤੇ 100 ਲੜਕੀਆਂ ਦੀਆਂ ਟੀਮਾਂ ਨੇ ਆਪਣੇ 67 ਮੈਡਲ ਜਿੱਤ ਕੇ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਚੌਥੀ ਖੇਲੋ ਇੰਡੀਆ ਗੇਮਜ਼ ’ਚ 32 ਸੋਨੇ ਤਮਗਿਆ ਸਮੇਤ 71 ਮੈਡਲ ਜਿੱਤ ਕੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ ਸੀ।ਇਸ ਵਾਰ ਸੀਯੂ ਨੇ 10 ਹੋਰ ਸੋਨੇ ਦੇ ਤਮਗੇ ਜਿੱਤ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਇਸ ਤਰ੍ਹਾਂ ਸੀਯੂ ਨੇ 42 ਸੋਨੇ ਦੇ ਤਮਗੇ ਜਿੱਤ ਕੇ ਸਮਾਪਤੀ ਕੀਤੀ, ਜੋ ਕਿ ਹੁਣ ਤੱਕ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਖੇਡਾਂ ਵਿਚ ਕਿਸੇ ਵੀ ਯੂਨੀਵਰਸਿਟੀ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।ਰਾਜਸਥਾਨ ਵਿਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵੱਲੋਂ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੇ ਸਹਿਯੋਗ ਨਾਂਲ 24 ਨਵੰਬਰ ਤੋਂ 5 ਦਸੰਬਰ ਤੱਕ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦਾ ਆਯੋਜਨ ਕਰਵਾਇਆ ਗਿਆ ਸੀ।ਇਨ੍ਹਾਂ ਖੇਡਾਂ ਵਿਚ ਭਾਰਤ ਭਰ ਦੀਆਂ 222 ਯੂਨੀਵਰਸਿਟੀਆਂ ਦੇ ਲਗਭਗ 5000 ਤੋਂ ਵੱਧ ਐਥਲੀਟਾਂ ਨੇ 23 ਖੇਡਾਂ ਲਈ 292 ਮੈਡਲ ਜਿੱਤਣ ਲਈ ਹਿੱਸਾ ਲਿਆ।
ਰਾਜਸਥਾਨ ਵਿਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 ਜਿੱਤਣ ਤੋਂ ਬਾਅਦ ਸੀਯੂ ਦੇ ਜੇਤੂ ਐਥਲੀਟ ਚੰਡੀਗੜ੍ਹ ਵਿਖੇ ਪੁੱਜੇ ਅਤੇ ਉਨ੍ਹਾਂ ਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਦੇ ਨਾਲ-ਨਾਲ ਖਿਡਾਰੀਆਂ, ਕੋਚਾਂ, ਯੂਨੀਵਰਸਿਟੀ ਦੇ ਖੇਡ ਵਿਭਾਗ ਤੇ ਹੋਰ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਜਿਨ੍ਹਾਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ.(ਡਾ.) ਆਰਐੱਸ ਬਾਵਾ, ਐਡਮਿਨ ਦੇ ਐਕਜ਼ਿਕਿਉਟਿਵ ਡਾਇਰੈਕਟਰ ਬਿ੍ਰਗੇਡੀਅਰ ਡਾ. ਗਗਨਦੀਪ ਸਿੰਘ ਬਾਠ ਅਤੇ ਸੀਯੂ ਦੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਦੀਪਕ ਕੁਮਾਰ ਸਿੰਘ ਸ਼ਾਮਲ ਸਨ।ਇਸ ਦੌਰਾਨ ਤਮਗਾ ਜੇਤੂ ਖਿਡਾਰੀਆਂ ਦਾ ਢੋਲ ਤੇ ਨਗਾੜਿਆਂ ਦੀ ਥਾਪ ਨਾਲ ਸਵਾਗਤ ਕੀਤਾ ਗਿਆ ਉਥੇ ਹੀ ਖੁੱਲੀ ਬੱਸ ’ਤੇ ਬੈਠੇ ਖਿਡਾਰੀਆਂ ਵੱਲੋਂ ਚੰਡੀਗੜ੍ਹ ਦੇ ਸੈਕਟਰ 42 ਦੇ ਸਟੇਡੀਅਮ ਵਿਚ ਜੇਤੂ ਮਾਰਚ ਵੀ ਕੱਢਿਆ। ਜੇਤੂ ਮਾਰਚ ’ਚ ਹੋਣਹਾਰ ਖਿਡਾਰੀਆਂ ਸਮੇਤ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 ਦੇ 28 ਤਮਗਾ ਜੇਤੂਆਂ ਨੇ ਵੀ ਸ਼ਿਰਕਤ ਕੀਤੀ।
ਸਟੇਡੀਅਮ ਵਿਚ ਪੁੱਜੇ ਐਥਲੀਟਾਂ ਦੁਆਰਾ ਕੱਢੇ ਗਏ ਜੇਤੂ ਮਾਰਚ ’ਚ ਸੀਯੂ ਦੀ ਟੇਬਲ ਟੇਨਿਸ ਦੀ ਖਿਡਾਰਨ ਤੇ ਕਾਂਸੀ ਦਾ ਤਮਗਾ ਜੇਤੂ ਕਾਸ਼ਵੀ ਗੁਪਤਾ, ਕੁਸ਼ਤੀ ’ਚ ਸੋਨ ਤਮਗਾ ਜੇਤੂ ਰਜਨੀ, ਵਾਲੀਬਾਲ ’ਚ ਕਾਂਸੀ ਤਮਗਾ ਜੇਤੂ ਚੁੱਟਕੀ, ਵਾਲੀਬਾਲ ਦੀ ਖਿਡਾਰਨ ਤੇ ਕਾਂਸੀ ਤਮਗਾ ਜੇਤੂ ਪ੍ਰੀਆ, ਵੇਟਲਿਫਟਿੰਗ ਦੇ ਖਿਡਾਰੀ ਅਤੇ ਚਾਂਦੀ ਦਾ ਤਮਗਾ ਜੇਤੂ ਕੁੰਬੇਸ਼ਵਰ ਮਲਿਕ, ਸਾਈਕਲਿੰਗ ’ਚ ਸੋਨ ਤਮਗਾ ਜੇਤੂ ਐਥਲੀਟ ਮਹਾਵੀਰ, ਕਬੱਡੀ ਦੀ ਖਿਡਾਰਨ ਤੇ ਸੋਨੇ ਦਾ ਤਮਗਾ ਜੇਤੂ ਅੰਕਿਤਾ ਚੰਦੇਲ, ਤੀਰਅੰਦਾਜ਼ੀ ’ਚ ਸੋਨੇ ਦਾ ਤਮਗਾ ਜੇਤੂ ਐਥਲੀਟ ਹਰਪ੍ਰੀਤ ਸਿੰਘ, ਵੇਟਲਿਫਟਿੰਗ ’ਚ ਸੋਨ ਤਮਗਾ ਜੇਤੂ ਐਥਲੀਟ ਸ਼ਿਵਾਨੀ ਯਾਦਵ, ਸ਼ੂਟਿੰਗ ਵਿਚ ਕਾਂਸੀ ਦਾ ਤਮਗਾ ਜੇਤੂ ਸੁਕਰਾਂਤ, ਸਾਈਕਲਿੰਗ ਵਿਚ ਸੋਨੇ ਦਾ ਤਮਗਾ ਜੇਤੂ ਸੀਤਾਰਾਮ, ਸਾਈਕਲਿੰਗ ’ਚ ਸੋਨੇ ਤੇ ਚਾਂਦੀ ਦਾ ਤਮਗਾ ਜੇਤੂ ਐਥਲੀਟ ਪ੍ਰਹਿਲਾਦ, ਸਾਈਕਲਿੰਗ ’ਚ ਸੋਨੇ ਦਾ ਤਮਗਾ ਜੇਤੂ ਐੱਸ ਸਕਸ਼ਤ ਪਾਤਰਾ, ਸਾਈਕਲਿੰਗ ’ਚ ਚਾਂਦੀ ਦਾ ਤਮਗਾ ਜੇਤੂ ਐਥਲੀਟ ਹਿਮਾਂਸ਼ੀ, ਕੁਸ਼ਤੀ ਵਿਚ ਸੋਨੇ ਦਾ ਤਮਗਾ ਜੇਤੂ ਐਥਲੀਟ ਸਵੀਟੀ, ਤੀਰਅੰਦਾਜ਼ੀ ’ਚ ਸੋਨੇ ਦਾ ਤਮਗਾ ਜੇਤੂ ਅਥਲੀਟ ਵਿਸ਼ਾਲ, ਫੈਂਸਿੰਗ ’ਚ ਕਾਂਸੀ ਦਾ ਤਮਗਾ ਜੇਤੂ ਐਥਲੀਟ ਗੌਰਵ ਅਤੇ ਐਥਲੇਟਿਕਸ ’ਚ ਸੋਨੇ ਦਾ ਤਮਗਾ ਜੇਤੂ ਐਥਲੀਟ ਰਾਹੁਲ ਸ਼ਾਮਲ ਹੋਏ।
ਚੰਡੀਗੜ੍ਹ ਯੂਨੀਵਰਸਿਟੀ ਦੇ ਐਥਲੀਟਾਂ ਨੇ ਸਾਈਕਲਿੰਗ, ਕੈਨੋਇੰਗ ਅਤੇ ਕਾਇਆਕਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੂੰ ਪਹਿਲੀ ਵਾਰ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਸ਼ਾਮਲ ਕੀਤਾ ਸੀ।ਐਕਿਉਟਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਨੇ ਕੈਨੋਇੰਗ ਅਤੇ ਕਾਇਆਕਿੰਗ ਵਿਚ 23 ਸੋਨੇ, 1 ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ ਹੈ। ਸਾਈਕਲਿੰਗ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ 1 ਸੋਨੇ, 2 ਚਾਂਦੀ ਅਤੇ 2 ਕਾਂਸੀ ਦੇ ਮੈਡਲ ਜਿੱਤ ਕੇ ਆਪਣੀ ਸ਼ਾਨਦਾਰ ਖੇਡ ਕਲਾ ਦਾ ਜੌਹਰ ਦਿਖਾਇਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀ ਹਰਸ਼ ਸਰੋਹਾ ਨੇ ਤੈਰਾਕੀ ਵਿਚ ਆਪਣੀ ਖੇਡ ਕਲਾ ਪ੍ਰਦਰਸ਼ਨ ਕਰਦੇ ਹੋਏ ਤੈਰਾਕੀ ਵਿਚ 4 ਸੋਨੇ ਦੇ ਤਮਗੇ ਜਿੱਤੇ। ਉਸ ਨੇ 100 ਮੀਟਰ ਬਟਰਫਲਾਈ ਅਤੇ 400 ਮੀਟਰ ਮਿਕਸਡ ਰਿਲੇਅ ਦੋਵਾਂ ਵਿਚ ਦੋ ਵਾਰ ਦੇ ਓਲੰਪੀਅਨ ਸ਼੍ਰੀਹਰੀ ਨੂੰ ਹਰਾ ਕੇ ਵੱਡਾ ਮੁਕਾਮ ਹਾਸਲ ਕੀਤਾ ਹੈ।ਕਾਇਆਕਿੰਗ ਅਤੇ ਕੈਨੋਇੰਗ ’ਚ ਚੰਡੀਗੜ੍ਹ ਯੂਨੀਵਰਸਿਟੀ ਦੇ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ 23 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ, ਜਿਨ੍ਹਾਂ ਵਿਚ ਪੂਜਾ, ਅਚਲ ਕਾਚਰੂ ਸ਼ਾਹਾਰੇ ਅਤੇ ਕੋਨਸਮ ਯਾਇਪਾਥੋੰਬੀ ਦੇਵੀ ਨੇ 6-6 ਸੋਨੇ ਦੇ ਮੈਡਲ ਜਿੱਤ ਕੇ ਕੁੱਲ 18 ਮੈਡਲ ਜਿੱਤੇ ਹਨ, ਜੋ ਵਿਦਿਆਰਥੀਆਂ ਦੇ ਵਿਸ਼ਵ-ਪੱਧਰੀ ਹੁਨਰ ਤੇ ਇਕਸਾਰਤਾ ਨੂੰ ਦਰਸਾਉਂਦਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਸੱਚਮੁੱਚ ਮਾਣ ਵਾਲਾ ਪਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਦੋ ਸਾਲਾਂ ਤੱਕ ਵੱਕਾਰੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦੀ ਓਵਰਆਲ ਟਰਾਫੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਇਸ ਤੋਂ ਪਹਿਲਾਂ, ਚੰਡੀਗੜ੍ਹ ਯੂਨੀਵਰਸਿਟੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ ਸੀ।
ਉਨ੍ਹਾਂ ਕਿਹਾ ਕਿ ਦੇਸ਼ ਦੀ ਨੰਬਰ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੋਣ ਦੇ ਨਾਤੇ ਸਾਡਾ ਨੈਤਿਕ ਫਰਜ਼ ਹੈ ਕਿ ਅਸੀਂ ਮਿਆਰੀ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰੀਏ। ਤਾਂ ਕਿ ਉਹ ਆਪਣੀ ਖੇਡ ਪ੍ਰਤੀਭਾ ਨੂੰ ਨਿਖਾਰ ਸਕਣ ਤੇ ਉਹ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੈਡਲ ਜਿੱਤ ਕੇ ਦੇਸ਼ ਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰ ਸਕਣ। ਮੈਂਨੂੰ ਭਰੋਸਾ ਹੈ ਕਿ ਇਨ੍ਹਾਂ ਵਿਚੋਂ ਕਈ ਖਿਡਾਰੀ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨਗੇ ਅਤੇ ਤਮਗੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।ਸੀਯੂ ਦੇ ਪਹਿਲਾਂ ਵੀ ਖਿਡਾਰੀਆਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਮਗੇ ਜਿੱਤੇ ਹਨ। ਦੁਨੀਆ ਦੇ ਚੋਟੀ ਦੇ 10 ਖੇਡ ਰਾਸ਼ਟਰਾਂ ਵਿਚ ਦੇਸ਼ ਨੂੰ ਸ਼ਾਮਲ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿ੍ਰਸ਼ਟੀਕੋਣ ’ਤੇ ਕੰਮ ਕਰ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਸੀਯੂ ਵਿਦਿਆਰਥੀਆਂ ਨੂੰ ਸਿਰਫ਼ ਸਿੱਖਿਆ ਪ੍ਰਦਾਨ ਕਰਨ ਤੱਕ ਸੀਮਤ ਨਹੀਂ ਹੈ। ਬਲਕਿ ਦੇਸ਼ ਲਈ ਹੋਣਹਾਰ ਖਿਡਾਰੀਆਂ ਨੂੰ ਤਿਆਰ ਕਰਨ ਵਚਨਬੱਧ ਹੈ। ਇਸ ਨੇ ਕਿ੍ਰਕਟਰ ਅਰਸ਼ਦੀਪ, ਅਰਜੁਨ ਅਵਾਰਡੀ ਅਤੇ ਭਾਰਤੀ ਕਬੱਡੀ ਟੀਮ ਦੇ ਕਪਤਾਨ ਪਵਨ ਸ਼ੇਰਾਵਤ ਅਤੇ ਹਾਕੀ ਦੇ ਸਟਾਰ ਖਿਡਾਰੀ ਸੰਜੇ ਵਰਗੇ ਤਿਆਰ ਕੀਤੇ ਹਨ, ਜਿਨ੍ਹਾਂ ਨੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ’ਤੇ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਇੱਕ ਸਮਰਪਿਤ ਖੇਡ ਨੀਤੀ ਹੈ ਜੋ ਨਾ ਸਿਰਫ਼ ਖੇਡ ਪ੍ਰਤਿਭਾ ਨੂੰ ਨਿਖਾਰਦੀ ਹੈ ਬਲਕਿ ਪੇਸ਼ੇਵਰ ਸਿਖਲਾਈ, ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚੇ ਅਤੇ ਸਖ਼ਤ ਖੁਰਾਕ ਪ੍ਰਣਾਲੀ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੀ ਪੈਦਾ ਕਰਦੀ ਹੈ। ਸੀਯੂ ਐਥਲੀਟਾਂ ਦੇ ਖਰਚਿਆਂ ਨੂੰ ਪੂਰਾ ਕਰਨ ਲਈ 6.5 ਕਰੋੜ ਰੁਪਏ ਦੇ ਸਲਾਨਾ ਬਜਟ ਨਾਲ ਖੇਡ ਸਕਾਲਰਸ਼ਿਪ ਪ੍ਰਦਾਨ ਕਰਦੀ ਹੈ। ਸੀਯੂ ਵਿਦਿਆਰਥੀ ਐਥਲੀਟਾਂ ਨੂੰ ਵਿਸ਼ੇਸ਼ ਖੁਰਾਕ, ਸਪੋਰਟਸ ਕਿੱਟਾਂ, ਖੇਡ ਮੁਕਾਬਲਿਆਂ ਦੇ ਸਥਾਨਾਂ ’ਤੇ ਜਾਣ ਦਾ ਖਰਚਾ, ਕੋਚਿੰਗ ਖਰਚੇ, ਹੋਸਟਲ ਰਿਹਾਇਸ਼ ਸਮੇਤ ਹੋਰ ਸਹੂਲਤਾਂ ਮੁਫ਼ਤ ਪ੍ਰਦਾਨ ਕਰਦੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿਭਾਗ ’ਚ ਪ੍ਰੋਫੈਸਰ ਤੇ ਕਾਰਜਕਾਰੀ ਡਾਇਰੈਕਟਰ ਬਿ੍ਰਗੇਡੀਅਰ ਡਾ. ਗਗਨ ਦੀਪ ਸਿੰਘ ਬਾਠ ਨੇ ਕਿਹਾ ਕਿ ਐਥਲੈਟਿਕਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਤਾਨਿਆ ਨੇ 64.29 ਮੀਟਰ ਦੀ ਥਰੋਅ ਨਾਲ ਹੈਮਰ ਥਰੋਅ ਵਿੱਚ ਇੱਕ ਨਵਾਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਰਿਕਾਰਡ ਕਾਇਮ ਕੀਤਾ। 20 ਕਿਲੋਮੀਟਰ ਰੇਸ ਵਾਕ ਵਿੱਚ ਸੀਯੂ ਦੇ ਰਾਹੁਲ ਨੇ 1:25:43 ਦੇ ਸਮੇਂ ਨਾਲ ਇਹ ਪ੍ਰਾਪਤੀ ਕੀਤੀ। ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 ਵਿਚ ਸੀਯੂ ਦੀ ਦੀਪਿਕਾ ਨੇ 55.53 ਮੀਟਰ ਦੀ ਸ਼ਾਨਦਾਰ ਦੂਰੀ ਨਾਲ ਜੈਵਲਿਨ ਥਰੋਅ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਆਫ਼ ਸਪੋਰਟਸ, ਦੀਪਕ ਕੁਮਾਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਖੇਡ ਸੱਭਿਆਚਾਰ ਨੂੰ ਸਾਂਭਿਆ ਹੋਇਆ ਹੈ। ਇਹ ਸਾਡੇ ਐਥਲੀਟਾਂ ਦੁਆਰਾ ਜਿੱਤੀ ਤਮਗਿਆਂ ਦੀ ਸੂਚੀ ਤੋਂ ਸਪੱਸ਼ਟ ਹੈ, ਜਿਨ੍ਹਾਂ ਨੇ ਤੈਰਾਕੀ ਵਿੱਚ 6 ਗੋਲਡ ਅਤੇ 5 ਸਿਲਵਰ, ਐਥਲੈਟਿਕਸ ਵਿੱਚ 5 ਗੋਲਡ ਅਤੇ 2 ਸਿਲਵਰ, ਕੁਸ਼ਤੀ ਵਿੱਚ 2 ਗੋਲਡ, ਸਾਈਕਲਿੰਗ ਵਿੱਚ 1 ਗੋਲਡ, ਵੇਟਲਿਫਟਿੰਗ ਵਿੱਚ 1 ਗੋਲਡ, 1 ਸਿਲਵਰ ਅਤੇ 3 ਕਾਂਸੀ, ਟੇਬਲ ਟੈਨਿਸ ਵਿੱਚ 1 ਗੋਲਡ ਅਤੇ 1 ਕਾਂਸੀ, ਨਿਸ਼ਾਨੇਬਾਜ਼ੀ ਵਿੱਚ 1 ਗੋਲਡ ਅਤੇ 1 ਕਾਂਸੀ, ਤੀਰਅੰਦਾਜ਼ੀ ਵਿੱਚ 1 ਗੋਲਡ ਅਤੇ 1 ਕਾਂਸੀ, ਕਬੱਡੀ ਵਿੱਚ 1 ਗੋਲਡ, ਰਗਬੀ ਵਿੱਚ 2 ਸਿਲਵਰ, ਜੂਡੋ ਵਿੱਚ 1 ਸਿਲਵਰ, ਵਾਲੀਬਾਲ ਵਿੱਚ 1 ਕਾਂਸੀ ਅਤੇ ਫੈਂਸਿੰਗ ਵਿੱਚ 1 ਕਾਂਸੀ ਜਿੱਤਿਆ ਹੈ।
