
ਵਿਸ਼ਵ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਨਾਓਮੀ ਓਸਾਕਾ ਆਸਟਰੇਲੀਆਈ ਓਪਨ ਜਿੱਤਣ ਦੇ ਇਕ ਹਫ਼ਤੇ ਬਾਅਦ ਅਪਣੇ ਕੋਚ.....
ਟੋਕੀਓ : ਵਿਸ਼ਵ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਨਾਓਮੀ ਓਸਾਕਾ ਆਸਟਰੇਲੀਆਈ ਓਪਨ ਜਿੱਤਣ ਦੇ ਇਕ ਹਫ਼ਤੇ ਬਾਅਦ ਅਪਣੇ ਕੋਚ ਸਾਸ਼ਾ ਬੇਜਿਨ ਤੋਂ ਵੱਖ ਹੋ ਗਈ ਹੈ। ਜਾਪਾਨ ਦੀ ਇਸ 21 ਸਾਲਾ ਖਿਡਾਰਨ ਨੇ ਸੋਮਵਾਰ ਨੂੰ ਕਿਹਾ ਕਿ ਮੈਂ ਹੁਣ ਸਾਸ਼ਾ ਦੇ ਨਾਲ ਕੰਮ ਨਹੀਂ ਕਰ ਰਹੀ ਹਾਂ। ਮੈਂ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਧੰਨਵਾਦ ਕਰਦੀ ਹਾਂ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦੀ ਹਾਂ। ਦੋਹਾਂ ਦੇ ਵੱਖ ਹੋਣ ਦੀ ਕੋਈ ਵਜ੍ਹਾ ਨਹੀਂ ਦੱਸੀ ਗਈ ਹੈ। ਬਾਜਿਨ ਨੇ ਕਿਹਾ, ''ਧੰਨਵਾਦ ਨਾਓਮੀ। ਮੈਂ ਹਮੇਸ਼ਾ ਤੁਹਾਡੇ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਮੀਦ ਕਰਾਂਗਾ। ਸਾਡਾ ਸਫਰ ਸ਼ਾਨਦਾਰ ਸੀ।
ਮੈਨੂੰ ਇਸ ਸਫਰ ਦਾ ਹਿੱਸਾ ਬਣਾਉਣ ਲਈ ਧੰਨਵਾਦ। ਜਰਮਨੀ ਦੇ ਬੇਜਿਨ ਇਕ ਸਾਲ ਤੋਂ ਕੁਝ ਜ਼ਿਆਦਾ ਸਮੇਂ ਤਕ ਨਾਓਮੀ ਦੇ ਕੋਚ ਰਹੇ। ਜਿਸ ਦੌਰਾਨ ਨਾਓਮੀ ਅਮਰੀਕੀ ਓਪਨ ਅਤੇ ਆਸਟਰੇਲੀਅਨ ਓਪਨ ਦੇ ਰੂਪ 'ਚ ਲਗਾਤਾਰ ਦੋ ਗ੍ਰੈਂਡ ਸਲੈਮ ਜਿੱਤਣ ਦੇ ਨਾਲ ਰੈਂਕਿੰਗ 'ਚ ਚੋਟੀ 'ਤੇ ਪਹੁੰਚੀ। ਬੇਜਿਨ ਇਸ ਤੋਂ ਪਹਿਲਾਂ ਧਾਕੜ ਸੇਰੇਨਾ ਵਿਲੀਅਮਸ ਦੇ ਅਭਿਆਸ ਜੋੜੀਦਾਰ ਰਹਿ ਚੁੱਕੇ ਹਨ। (ਪੀਟੀਆਈ)