
ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਅਤੇ 2.20 ਕਰੋੜ ਡਾਲਰ ਤੋਂ ਜ਼ਿਆਦਾ ਦੀ ਚੋਰੀ ਦੇ ਦੋਸ਼
ਵਾਸ਼ਿੰਗਟਨ: ਅਮਰੀਕੀ ਫੁੱਟਬਾਲ ਟੀਮ ਜੈਕਸਨਵਿਲੇ ਜੈਗੁਆਰਸ ਦੇ ਭਾਰਤੀ ਮੂਲ ਦੇ ਸਾਬਕਾ ਵਿੱਤੀ ਮੈਨੇਜਰ ਨੂੰ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਅਤੇ 2.20 ਕਰੋੜ ਡਾਲਰ ਤੋਂ ਜ਼ਿਆਦਾ ਦੀ ਚੋਰੀ ਦੇ ਦੋਸ਼ ’ਚ ਸਾਢੇ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਅਦਾਲਤ ਦੇ ਦਸਤਾਵੇਜ਼ਾਂ ’ਚ ਦਿਤੀ ਗਈ ਹੈ। ਮਿਡਲ ਫਲੋਰਿਡਾ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਅਮਿਤ ਪਟੇਲ (31) ਨੂੰ ਮੰਗਲਵਾਰ ਨੂੰ ਅਮਰੀਕੀ ਜ਼ਿਲ੍ਹਾ ਜੱਜ ਹੈਨਰੀ ਐਲ ਐਡਮਜ਼ ਨੇ ਸਜ਼ਾ ਸੁਣਾਈ।
ਅਦਾਲਤ ਨੇ ਸਜ਼ਾ ਦੇ ਹਿੱਸੇ ਵਜੋਂ ਵਾਇਰ ਧੋਖਾਧੜੀ ਮਾਮਲੇ ਵਿਚ ਕਮਾਏ 2,22,21,454.40 ਡਾਲਰ ਜ਼ਬਤ ਕਰਨ ਦੇ ਹੁਕਮ ਦਿਤੇ ਹਨ। ਪਟੇਲ ਨੂੰ ਜੈਕਸਨਵਿਲੇ ਜੈਗੁਆਰ ਨੂੰ ਪੂਰਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿਤਾ ਗਿਆ ਸੀ। ਪਟੇਲ ਨੂੰ 14 ਦਸੰਬਰ 2023 ਨੂੰ ਦੋਸ਼ੀ ਪਾਇਆ ਗਿਆ ਸੀ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਪਟੇਲ ਨੇ ਚਾਰ ਸਾਲਾਂ ’ਚ ਜੈਗੁਆਰ ਤੋਂ ਧੋਖਾਧੜੀ ਨਾਲ ਲਗਭਗ 2,22,21,454 ਡਾਲਰ ਦਾ ਗਬਨ ਕੀਤਾ। ਧੋਖਾਧੜੀ 2019 ’ਚ ਸ਼ੁਰੂ ਹੋਈ ਸੀ ਅਤੇ ਫ਼ਰਵਰੀ 2023 ’ਚ ਪਟੇਲ ਨੂੰ ਬਰਖਾਸਤ ਕੀਤੇ ਜਾਣ ਤਕ ਜਾਰੀ ਰਹੀ।