ਕਰੋਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਫ਼ੀਫ਼ਾ ਵਿਸ਼ਵ ਕੱਪ 2018 ਦੇ ਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ..............
ਮਾਸਕੋ : ਕਰੋਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਫ਼ੀਫ਼ਾ ਵਿਸ਼ਵ ਕੱਪ 2018 ਦੇ ਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। ਨਿਰਧਾਰਤ ਸਮੇਂ ਤਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਰਹੀਆਂ ਅਤੇ ਵਾਧੂ ਸਮੇਂ 'ਚ ਮੈਚ ਦਾ ਫ਼ੈਸਲਾ ਹੋਇਆ। ਖੇਡ ਦੇ 109ਵੇਂ ਮਿੰਟ 'ਚ ਕਰੋਸ਼ੀਆ ਦੇ ਮਾਂਡਜਕਿਕ ਨੇ ਫ਼ੈਸਲਾਕੁਨ ਗੋਲ ਕੀਤਾ। ਇਸ ਜਿੱਤ ਨਾਲ ਕਰੋਸ਼ੀਆ ਫ਼ਾਈਨਲ 'ਚ ਪਹੁੰਚ ਗਿਆ ਹੈ ਅਤੇ ਇਹ ਮੈਚ ਐਤਵਾਰ ਨੂੰ ਫ਼ਰਾਂਸ ਤੇ ਕਰੋਸ਼ੀਆ ਦਰਮਿਆਨ ਖੇਡਿਆ ਜਾਵੇਗਾ। ਖੇਡ ਦੇ ਪੰਜਵੇਂ ਮਿੰਟ 'ਚ ਇੰਗਲੈਂਡ ਦੇ ਟ੍ਰਿਪਿਅਰ ਨੇ ਫ਼੍ਰੀ-ਕਿੱਕ 'ਤੇ ਗੋਲ ਕਰ ਕੇ ਇੰਗਲੈਂਡ ਲਈ ਵਾਧਾ ਦਰਜ ਕੀਤਾ ਸੀ।
ਇਸ ਗੋਲ ਤੋਂ ਹਾਫ਼ਟਾਈਮ ਤਕ ਇੰਗਲੈਂਡ ਦੀ ਟੀਮ 1-0 ਦੇ ਵਾਧੇ ਨਾਲ ਅੱਗੇ ਸੀ ਪਰ 68ਵੇਂ ਮਿੰਟ 'ਚ ਕਰੋਸ਼ੀਆ ਦੇ ਪੈਰਿਸਿਕ ਨੇ ਗੋਲ ਕਰਦਿਆਂ ਮੁਕਾਬਲਾ ਬਰਾਬਰੀ 'ਤੇ ਲਿਆਂਦਾ। ਇਸ ਤੋਂ ਬਾਅਦ ਕੋਈ ਵੀ ਟੀਮ ਨਿਰਧਾਰਤ ਸਮੇਂ 'ਚ ਗੋਲ ਨਹੀਂ ਕਰ ਸਕੀ। ਆਖ਼ਰਕਾਰ ਮੈਚ 1-1 ਦੀ ਬਰਾਬਰੀ 'ਤੇ ਰਿਹਾ। ਵਾਧੂ ਸਮੇਂ ਦੇ ਦੂਜੇ ਹਾਫ਼ 'ਚ ਮਾਂਡਜੁਕਿਕ ਦੇ 109ਵੇਂ ਮਿੰਟ 'ਚ ਕੀਤੇ ਗੋਲ ਦੀ ਬਦੌਲਤ ਕਰੋਸ਼ੀਆ ਮੈਚ ਜਿੱਤਣ 'ਚ ਸਫਲ ਰਿਹਾ।
ਕਰੋਸ਼ੀਆ ਦਾ ਫ਼ਾਈਨਲ 'ਚ 15 ਜੁਲਾਈ ਨੂੰ ਫ਼ਰਾਂਸ ਦੀ ਟੀਮ ਨਾਲ ਮੁਕਾਬਲਾ ਹੋਵੇਗਾ। ਖੇਡ ਦੀ ਸ਼ੁਰੂਆਤ ਜ਼ੋਰਦਾਰ ਅੰਦਾਜ 'ਚ ਹੋਈ ਅਤੇ ਪਹਿਲੇ ਪੰਜ ਮਿੰਟ 'ਚ ਹੀ ਇੰਗਲੈਂਡ ਕੋਲ ਕਰਨ 'ਚ ਸਫ਼ਲ ਰਿਹਾ। ਖੇਡ ਦੇ ਸ਼ੁਰੂਆਤੀ ਸਮੇਂ 'ਚ ਇੰਗਲੈਂਡ ਦੀ ਟੀਮ ਦਾ ਪਲੜਾ ਭਾਰੀ ਰਿਹਾ ਸੀ ਪਰ ਆਖ਼ਰੀ ਸਮੇਂ 'ਚ ਕਰੋਸ਼ੀਆ ਨੇ ਮੈਚ ਅਪਣੀ ਝੋਲੀ ਪਾ ਲਿਆ। (ਏਜੰਸੀ)