ਤਿੰਨ ਵਿਕਟਾਂ ਲੈਣ ਵਾਲੇ ਗੇਂਦਬਾਜ਼ ਲੋਕੀ ਫ਼ਰਗਿਊਸਨ ਬਣੇ ‘ਪਲੇਅਰ ਆਫ਼ ਦ ਮੈਚ’
ਚੇਨਈ: ਨਿਊਜ਼ੀਲੈਂਡ ਨੇ ਸ਼ੁਕਰਵਾਰ ਨੂੰ ਇੱਥੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਇਕ ਰੋਜ਼ਾ ਵਿਸ਼ਵ ਕੱਪ ’ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ 9 ਵਿਕਟਾਂ ’ਤੇ 245 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਨੇ 42.5 ਓਵਰਾਂ ’ਚ ਦੋ ਵਿਕਟਾਂ ’ਤੇ 248 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
246 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ਲੈਂਡ ਦਾ ਪਹਿਲਾ ਵਿਕਟ 12 ਦੇ ਸਕੋਰ ’ਤੇ ਰਚਿਨ ਰਵਿੰਦਰਾ ਦੇ ਰੂਪ ’ਚ ਡਿੱਗ ਗਿਆ। ਪਰ ਇਸ ਤੋਂ ਬਾਅਦ ਡੇਵੋਨ ਕੌਨਵੇ ਨੇ ਕਪਤਾਨ ਕੇਨ ਵਿਲੀਅਮਸਨ ਨਾਲ 80 ਦੌੜਾਂ ਦੀ ਸਾਂਝੇ ਕੀਤੀ। ਡੇਵੋਨ 45 ਦਾ ਸਕੋਰ ਬਣਾ ਕੇ ਆਊਟ ਹੋਏ ਜਦੋਂ ਨਿਊਜ਼ੀਲੈਂਡ ਦਾ ਸਕੋਰ 92 ਦੌੜਾਂ ਸੀ। ਕੇਨ ਵਿਲੀਅਮਸਨ 78 ਦੌੜਾਂ ਦੇ ਸਕੋਰ ’ਤੇ ਅੰਗੂਠੇ ’ਤੇ ਸੱਟ ਲੱਗਣ ਕਾਰਨ ਮੈਚ ਤੋਂ ਬਾਹਰ ਹੋ ਗਏ। ਹਾਲਾਂਕਿ ਡਰੇਅਲ ਮਿਸ਼ੇਲ ਨੇ 89 ਦੌੜਾਂ ਬਣਾ ਕੇ ਅਤੇ ਗਿਲੇਨ ਫ਼ਿਲੀਪਸ ਨੇ 16 ਦੌੜਾਂ ਬਣਾ ਕੇ ਅਪਣੀ ਟੀਮ ਜਿੱਤ ਦਿਵਾ ਦਿਤੀ।
ਇਸ ਤੋਂ ਪਹਿਲਾਂ ਲੌਕੀ ਫਰਗੂਸਨ ਦੀ ਅਗਵਾਈ ’ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਚੇਪਕ ਦੀ ਹੌਲੀ ਗਤੀ ਦੇ ਗੇਂਦਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਪਿੱਚ ’ਤੇ ਅਪਣਾ ਜਾਦੂ ਵਿਖਾਇਆ ਅਤੇ ਬੰਗਲਾਦੇਸ਼ ਨੂੰ 9 ਵਿਕਟਾਂ ’ਤੇ ਸਿਰਫ 245 ਦੌੜਾਂ ਹੀ ਬਣਾਉਣ ਦਿਤੀਆਂ। ਬੰਗਲਾਦੇਸ਼ ਦੀ ਪਾਰੀ ਸ਼ੁਰੂ ’ਚ ਹੀ ਲੜਖੜਾ ਗਈ ਅਤੇ ਇਕ ਸਮੇਂ ਉਸ ਦਾ ਸਕੋਰ ਚਾਰ ਵਿਕਟਾਂ ’ਤੇ 56 ਦੌੜਾਂ ਸੀ। ਜੇਕਰ ਬੰਗਲਾਦੇਸ਼ 250 ਦੌੜਾਂ ਦੇ ਨੇੜੇ ਪਹੁੰਚਣ ’ਚ ਸਫਲ ਰਿਹਾ ਤਾਂ ਇਸ ਦਾ ਸਿਹਰਾ ਅਪਣਾ ਪੰਜਵਾਂ ਵਿਸ਼ਵ ਕੱਪ ਖੇਡ ਰਹੇ ਮੁਸ਼ਫਿਕੁਰ ਰਹੀਮ (75 ਗੇਂਦਾਂ ’ਤੇ ਛੇ ਚੌਕੇ, ਦੋ ਛੱਕੇ) ਦੀ ਮਦਦ ਨਾਲ 66 ਦੌੜਾਂ ਅਤੇ ਕਪਤਾਨ ਸ਼ਾਕਿਬ ਅਲ ਹਸਨ (51 ਗੇਂਦਾਂ ’ਤੇ 40 ਦੌੜਾਂ) ਦੀ 96 ਦੌੜਾਂ ਦੀ ਸਾਂਝੇਦਾਰੀ ਅਤੇ ਮਹਿਮੂਦੁੱਲਾ ਦੀ ਅਜੇਤੂ 41 ਦੌੜਾਂ ਦੀ ਪਾਰੀ ਨੂੰ ਜਾਵੇਗਾ।
ਫਰਗੂਸਨ ਨੇ ਨਿਊਜ਼ੀਲੈਂਡ ਲਈ 49 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਨੂੰ ‘ਪਲੇਅਰ ਆਫ਼ ਦਾ ਮੈਚ’ ਪੁਰਸਕਾਰ ਦਿਤਾ ਗਿਆ। ਦੋ ਹੋਰ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ (45 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਮੈਟ ਹੈਨਰੀ (58 ਦੌੜਾਂ ਦੇ ਕੇ ਦੋ ਵਿਕਟਾਂ) ਨੇ ਉਸ ਦਾ ਚੰਗਾ ਸਾਥ ਦਿਤਾ। ਵਿਸ਼ਵ ਕੱਪ ਮੈਚਾਂ ’ਚ ਨਿਊਜ਼ੀਲੈਂਡ ਦੀ ਬੰਗਲਾਦੇਸ਼ ’ਤੇ ਇਹ ਲਗਾਤਾਰ ਛੇਵੀਂ ਜਿੱਤ ਹੈ।