
ਸੱਤ ਸਾਲ ਬਾਅਦ ਵਾਪਸੀ ਕਰ ਰਹੇ ਇਸ ਟੂਰਨਾਮੈਂਟ ਦੀ ਨਿਲਾਮੀ 13 ਤੋਂ 15 ਅਕਤੂਬਰ ਤਕ ਹੋਵੇਗੀ
ਮੁੰਬਈ : ਭਾਰਤੀ ਪੁਰਸ਼ ਹਾਕੀ ਓਲੰਪਿਕ ਤਮਗਾ ਜੇਤੂ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀਆਂ ਸੇਵਾਵਾਂ ਸੂਰਮਾ ਹਾਕੀ ਕਲੱਬ ਨੇ ਹਾਕੀ ਇੰਡੀਆ ਲੀਗ (ਐਚ.ਆਈ.ਐਲ.) ਦੇ ਆਉਣ ਵਾਲੇ ਸੀਜ਼ਨ ਲਈ 78 ਲੱਖ ਰੁਪਏ ’ਚ ਹਾਸਲ ਕੀਤੀਆਂ ਹਨ, ਜਿਸ ਨਾਲ ਉਹ ਲੀਗ ਦੇ ਸੱਭ ਤੋਂ ਮਹਿੰਗੇ ਖਿਡਾਰੀ ਬਣ ਗਏ।
ਸੱਤ ਸਾਲ ਬਾਅਦ ਵਾਪਸੀ ਕਰ ਰਹੇ ਇਸ ਟੂਰਨਾਮੈਂਟ ਦੀ ਨਿਲਾਮੀ 13 ਤੋਂ 15 ਅਕਤੂਬਰ ਤਕ ਹੋਵੇਗੀ। ਹਰਮਨਪ੍ਰੀਤ ਨੂੰ ਇਕ ਸ਼ਾਨਦਾਰ ਡਰੈਗ-ਫਲਿਕਰ ਅਤੇ ਸੱਭ ਤੋਂ ਵੱਧ ਤਣਾਅ ਭਰੇ ਪਲਾਂ ’ਚ ਪ੍ਰਦਰਸ਼ਨ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕੌਮੀ ਸੀਨੀਅਰ ਟੀਮ ਲਈ 234 ਮੈਚਾਂ ’ਚ 205 ਗੋਲ ਕੀਤੇ ਹਨ।
ਐਚ.ਆਈ.ਐਲੇ. ਨੇ ‘ਐਕਸ’ ’ਤੇ ਪਾਈ ਇਕ ਪੋਸਟ ’ਚ ਕਿਹਾ, ‘‘ਸੱਭ ਤੋਂ ਵੱਡੀ ਪ੍ਰਾਪਤੀ! ਸੂਰਮਾ ਹਾਕੀ ਕਲੱਬ ’ਚ 78 ਲੱਖ ਰੁਪਏ ’ਚ ਸ਼ਾਮਲ ਹੋਏ ਹਰਮਨਪ੍ਰੀਤ ਸਿੰਘ। ਇਕ ਰੱਖਿਆਤਮਕ ਚੱਟਾਨ ਅਤੇ ਗੋਲ ਕਰਨ ਦਾ ਖਤਰਾ!’’
ਭਾਰਤੀ ਉਪ ਕਪਤਾਨ ਹਾਰਦਿਕ ਸਿੰਘ ਦੀਆਂ ਸੇਵਾਵਾਂ ਵੀ ਯੂ.ਪੀ. ਰੁਦਰਾਸ ਨੇ 70 ਲੱਖ ਰੁਪਏ ’ਚ ਖਰੀਦੀਆਂ ਸਨ। ਉਹ ਵੀ ਪੈਰਿਸ ਓਲੰਪਿਕ ਕਾਂਸੀ ਤਮਗਾ ਜੇਤੂ ਟੀਮ ਦੇ ਇਕ ਮਹੱਤਵਪੂਰਣ ਹਿੱਸਾ ਸਨ ਅਤੇ ਮੈਦਾਨ ’ਤੇ ਦੇਸ਼ ਦੀਆਂ ਕਈ ਯਾਦਗਾਰੀ ਜਿੱਤਾਂ ਦੇ ਸੂਤਰਧਾਰ ਰਹੇ ਹਨ। ਹਾਰਦਿਕ ਨੇ 142 ਮੈਚਾਂ ’ਚ 11 ਗੋਲ ਕੀਤੇ ਹਨ।
ਯੂਪੀ ਰੁਦਰਸ ਨੇ ਓਲੰਪਿਕ ਕਾਂਸੀ ਤਮਗਾ ਜੇਤੂ, ਅਰਜੁਨ ਪੁਰਸਕਾਰ ਜੇਤੂ ਲਲਿਤ ਕੁਮਾਰ ਉਪਾਧਿਆਏ ਨੂੰ ਵੀ 28 ਲੱਖ ਰੁਪਏ ’ਚ ਪ੍ਰਾਪਤ ਕੀਤਾ, ਜਿਨ੍ਹਾਂ ਨੇ ਅਪਣੇ ਤਜਰਬੇ ਨੂੰ ਹਰ ਮੰਚ ’ਤੇ ਚਰਚਾ ’ਚ ਰੱਖਿਆ ਹੈ, ਚਾਹੇ ਉਹ ਵਿਸ਼ਵ ਕੱਪ ਹੋਵੇ ਜਾਂ ਓਲੰਪਿਕ। ਭਾਰਤ ਲਈ 132 ਕੌਮਾਂਤਰੀ ਮੈਚਾਂ ’ਚ 16 ਗੋਲ ਕਰਨ ਵਾਲੇ ਮਿਡਫੀਲਡਰ ਨਿਲੰਕਾਂਤਾ ਸ਼ਰਮਾ ਨੂੰ ਵੀ ਹੈਦਰਾਬਾਦ ਟੂਫੈਨਜ਼ ਨੇ 34 ਲੱਖ ਰੁਪਏ ’ਚ ਖਰੀਦਿਆ।
ਪਾਵਰਹਾਊਸ ਡਿਫੈਂਡਰ ਸੰਜੇ ਵੀ ਕਲਿੰਗਾ ਲਾਂਸਰਜ਼ ਨਾਲ 38 ਲੱਖ ਰੁਪਏ ’ਚ ਜੁੜ ਗਏ, ਜਿਸ ਨਾਲ ਲਾਂਸਰਜ਼ ਦੇ ਹਮਲੇ ਨੂੰ ਹੁਲਾਰਾ ਮਿਲਿਆ। ਭਾਰਤ ਦੇ ਉੱਭਰਦੇ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੂੰ ਵੀ ਸੂਰਮਾ ਹਾਕੀ ਕਲੱਬ ਨੇ 40 ਲੱਖ ਰੁਪਏ ’ਚ ਖਰੀਦਿਆ।
ਨਵੇਂ ਸਿਰੇ ਤੋਂ ਤਿਆਰ ਕੀਤੀ ਗਈ ਐਚ.ਆਈ.ਐਲ. 2024-25 ’ਚ 8 ਪੁਰਸ਼ ਟੀਮਾਂ ਅਤੇ 6 ਮਹਿਲਾ ਟੀਮਾਂ ਹਿੱਸਾ ਲੈਣਗੀਆਂ, ਜੋ ਦੇਸ਼ ਦੀ ਪਹਿਲੀ ਸਟੈਂਡਅਲੋਨ ਮਹਿਲਾ ਲੀਗ ਹੈ ਜੋ ਪੁਰਸ਼ਾਂ ਦੇ ਮੁਕਾਬਲੇ ਦੇ ਨਾਲ-ਨਾਲ ਚੱਲੇਗੀ। ਇਸ ਤੋਂ ਪਹਿਲਾਂ 2017 ’ਚ ਕਲਿੰਗਾ ਲਾਂਸਰਜ਼ ਨੇ ਦਬੰਗ ਮੁੰਬਈ ਨੂੰ ਹਰਾ ਕੇ ਚੈਂਪੀਅਨ ਦਾ ਖਿਤਾਬ ਜਿੱਤਿਆ ਸੀ।
ਇਹ ਲੀਗ 28 ਦਸੰਬਰ ਤੋਂ ਸ਼ੁਰੂ ਹੋਵੇਗੀ, ਜਿਸ ਦੇ ਮੈਚ ਝਾਰਖੰਡ ਦੇ ਰਾਂਚੀ ਦੇ ਮਾਰੰਗ ਗੋਮਕੇ ਜੈਪਾਲ ਸਿੰਘ ਐਸਟ੍ਰੋਟਰਫ ਹਾਕੀ ਸਟੇਡੀਅਮ ਅਤੇ ਓਡੀਸ਼ਾ ਦੇ ਰਾਊਰਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ’ਚ ਖੇਡੇ ਜਾਣਗੇ। ਮਹਿਲਾ ਲੀਗ 26 ਜਨਵਰੀ, 2025 ਨੂੰ ਰਾਂਚੀ ’ਚ ਸਮਾਪਤ ਹੋਵੇਗੀ, ਜਦਕਿ ਪੁਰਸ਼ਾਂ ਦਾ ਫਾਈਨਲ 1 ਫ਼ਰਵਰੀ, 2025 ਨੂੰ ਰਾਊਰਕੇਲਾ ’ਚ ਹੋਵੇਗਾ।