
ਸਜ਼ਾ ਦੇ ਤੌਰ 'ਤੇ ਸਰਕਾਰੀ ਹਸਪਤਾਲਾਂ ’ਚ ਕਰਨੀ ਪਵੇਗੀ 2 ਘੰਟੇ ਕਮਿਊਨਿਟੀ ਸੇਵਾ
-ਜੁਰਮਾਨੇ ਦੇ ਨਾਲ-ਨਾਲ ਤਿੰਨ ਮਹੀਨੇ ਲਈ ਮੁਅੱਤਲ ਹੋਵੇਗਾ ਡਰਾਈਵਿੰਗ ਲਾਇਸੈਂਸ
-ਸਜ਼ਾ ਦੇ ਤੌਰ 'ਤੇ ਸਰਕਾਰੀ ਹਸਪਤਾਲਾਂ ’ਚ ਕਰਨੀ ਪਵੇਗੀ 2 ਘੰਟੇ ਕਮਿਊਨਿਟੀ ਸੇਵਾ
-ਬਜ਼ੁਰਗ ਮਰੀਜ਼ਾਂ ਦੀ ਮਦਦ, ਨੇੜਲੇ ਕੈਮਿਸਟ ਤੋਂ ਦਵਾਈਆਂ ਲਿਆਉਣ, ਖ਼ੂਨਦਾਨ ਕਰਨਾ ਜਾਂ ਸਟ੍ਰੇਚਰ ਲੈ ਕੇ ਜਾਣਾ ਦੀ ਨਿਭਾਉਣੀ ਪਵੇਗੀ ਡਿਊਟੀ
ਮੋਹਾਲੀ : ਪੰਜਾਬ ਵਿਚ ਹੁਣ ਤੇਜ਼ ਰਫ਼ਤਾਰ ਜਾਂ ਫਿਰ ਸ਼ਰਾਬ ਆਦਿ ਪੀ ਕੇ ਗੱਡੀ ਚਲਾਉਣ ਤੋਂ ਪਹਿਲਾਂ ਚਾਰ ਵਾਰ ਸੋਚਣਾ ਪਵੇਗਾ ਕਿਉਂਕਿ ਹੁਣ ਇਸ ਜ਼ੁਰਮ ਲਈ ਸਿਰਫ਼ ਹਰਜਾਨਾ ਹੀ ਨਹੀਂ ਭਰਨਾ ਪਵੇਗਾ ਸਗੋਂ ਸਜ਼ਾ ਦੇ ਰੂਪ ਵਿਚ ਮਿਲੀ ਵਿਲੱਖਣ ਡਿਊਟੀ ਵੀ ਨਿਭਾਉਣੀ ਪਵੇਗੀ। ਦੱਸ ਦੇਈਏ ਕਿ ਹੁਣ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਰਕਾਰੀ ਹਸਪਤਾਲ ਵਿਚ ਦੋ ਘੰਟੇ ਕਮਿਊਨਿਟੀ ਸੇਵਾ ਕਰਨੀ ਪਵੇਗੀ ਅਤੇ ਹਰਜਾਨਾ ਵੀ ਭਰਨਾ ਪਵੇਗਾ।
ਹਾਲਾਂਕਿ ਪੰਜਾਬ ਸਰਕਾਰ ਵਲੋਂ ਅਗਸਤ ਵਿਚ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਅਮਲੀ ਜਾਮਾ ਪਵਾਇਆ ਜਾ ਰਿਹਾ ਹੈ। ਸਰਕਾਰ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਵਾਹਨ ਦੀ ਹੱਦ ਤੋਂ ਵੱਧ ਰਫ਼ਤਾਰ ਦੇ ਪਹਿਲੇ ਅਪਰਾਧ ’ਤੇ 1,000 ਰੁਪਏ ਜੁਰਮਾਨਾ ਅਤੇ ਡਰਾਈਵਰ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਜਾਵੇਗਾ।
ਸ਼ਰਾਬ ਪੀ ਕੇ ਗੱਡੀ ਚਲਾਉਣ ’ਤੇ ਉਸੇ ਮਿਆਦ ਲਈ ਲਾਇਸੈਂਸ ਮੁਅੱਤਲ ਤੋਂ ਇਲਾਵਾ 5,000 ਰੁਪਏ ਜੁਰਮਾਨਾ ਹੈ। ਬਾਅਦ ਦੇ ਅਪਰਾਧਾਂ ਲਈ ਤੇਜ਼ ਰਫਤਾਰ ’ਤੇ 2,000 ਰੁਪਏ ਜੁਰਮਾਨੇ ਦੇ ਨਾਲ ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ, ਜਦੋਂ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ’ਤੇ ਮੁਅੱਤਲੀ ਤੋਂ ਇਲਾਵਾ 10,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਨਿਯਮ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇ ਰੂਪ ਵਿਚ ਹਸਪਤਾਲਾਂ ’ਚ ਕਮਿਊਨਿਟੀ ਸੇਵਾ ਤਹਿਤ ਬਜ਼ੁਰਗ ਮਰੀਜ਼ਾਂ ਦੀ ਮਦਦ, ਨੇੜਲੇ ਕੈਮਿਸਟ ਤੋਂ ਦਵਾਈਆਂ ਲਿਆਉਣ, ਖ਼ੂਨਦਾਨ ਕਰਨਾ ਜਾਂ ਇਥੋਂ ਤਕ ਕਿ ਸਟ੍ਰੇਚਰ ਲੈ ਕੇ ਜਾਣਾ ਆਦਿ ਸੇਵਾ ਕਰਨੀ ਪਵੇਗੀ।
ਮੋਹਾਲੀ ਰੀਜਨਲ ਟਰਾਂਸਪੋਰਟ ਅਥਾਰਟੀ ਪਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਹੁਣ ਦੋ ਘੰਟੇ ਦੀ ਕਮਿਊਨਿਟੀ ਸੇਵਾ ਲਈ ਸਰਕਾਰੀ ਹਸਪਤਾਲਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਵਾਹਨਾਂ ਦੇ ਦਸਤਾਵੇਜ਼ ਤਾਂ ਹੀ ਵਾਪਸ ਕੀਤੇ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਸੀਨੀਅਰ ਮੈਡੀਕਲ ਅਫਸਰ (ਐੱਸ. ਐੱਮ. ਓ.) ਤੋਂ ਇਹ ਸਰਟੀਫਿਕੇਟ ਮਿਲਦਾ ਹੈ ਕਿ ਉਨ੍ਹਾਂ ਨੇ ਸੇਵਾ ਪੂਰੀ ਕਰ ਲਈ ਹੈ। ਇਹ ਉਪਰਾਲਾ ਵੱਧ ਰਹੇ ਸੜਕ ਹਾਦਸਿਆਂ ਨੂੰ ਕਾਬੂ ਕਰਨ ਅਤੇ ਲੋਕਾਂ ਦੇ ਹਿੱਤ ਵਿਚ ਲਿਆ ਗਿਆ ਹੈ।