
ICC ਸਨਿਚਰਵਾਰ ਨੂੰ PCB ਮੁਖੀ ਨਾਲ ਚੈਂਪੀਅਨਜ਼ ਟਰਾਫੀ ਲਈ ਹਾਈਬ੍ਰਿਡ ਮਾਡਲ ਨੂੰ ਅੰਤਿਮ ਰੂਪ ਦੇਵੇਗੀ
ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਦੇ ਉੱਚ ਅਧਿਕਾਰੀ ਸਨਿਚਰਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਮੁਖੀ ਮੋਹਸਿਨ ਨਕਵੀ ਨਾਲ ਵਰਚੁਅਲ ਬੈਠਕ ਦੌਰਾਨ ਚੈਂਪੀਅਨਜ਼ ਟਰਾਫੀ ਲਈ ਹਾਈਬ੍ਰਿਡ ਮਾਡਲ ਦੇ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਸਕਦੇ ਹਨ। ਸਿਧਾਂਤਕ ਤੌਰ ’ਤੇ ਇਹ ਸਹਿਮਤੀ ਬਣੀ ਹੈ ਕਿ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ICC ਟੂਰਨਾਮੈਂਟਾਂ ਲਈ ਇਕ ਦੂਜੇ ਦੇ ਦੇਸ਼ ਦੀ ਯਾਤਰਾ ਕਰਨਗੇ। ਭਾਰਤ ਅਤੇ ਪਾਕਿਸਤਾਨ 2025 ਚੈਂਪੀਅਨਜ਼ ਟਰਾਫੀ ਦੌਰਾਨ ਦੁਬਈ ’ਚ ਖੇਡਣਗੇ ਜੋ 19 ਫ਼ਰਵਰੀ ਤੋਂ 9 ਮਾਰਚ ਤਕ ਹੋਵੇਗੀ।
ਟੂਰਨਾਮੈਂਟ ’ਚ ਅੱਠ ਟੀਮਾਂ ਹਿੱਸਾ ਲੈਣਗੀਆਂ, ਉਨ੍ਹਾਂ ਨੂੰ ਦੋ ਗਰੁੱਪਾਂ ’ਚ ਵੰਡਿਆ ਗਿਆ ਹੈ। ਹਰ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ। ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਕਿਹਾ ਹੈ ਕਿ ਉਹ ਹਾਈਬ੍ਰਿਡ ਮਾਡਲ ਨੂੰ ਉਦੋਂ ਹੀ ਮਨਜ਼ੂਰ ਕਰਨ ਲਈ ਤਿਆਰ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਨੂੰ ਦਿਤੇ ਜਾਣ ਵਾਲੇ ਸਾਰੇ ICC ਟੂਰਨਾਮੈਂਟਾਂ ਲਈ ਇਕਸਾਰ ਪ੍ਰਬੰਧ ਕੀਤਾ ਜਾਵੇ।
ਇਸ ਦਾ ਮਤਲਬ ਇਹ ਹੈ ਕਿ ਜਦੋਂ ਭਾਰਤ 2025 ਮਹਿਲਾ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਤਾਂ ਪਾਕਿਸਤਾਨ ਗੁਆਂਢੀ ਦੇਸ਼ ਦੀ ਯਾਤਰਾ ਨਹੀਂ ਕਰੇਗਾ ਅਤੇ ਇਸ ਨੂੰ ਕਿਸੇ ਨਿਰਪੱਖ ਸਥਾਨ ’ਤੇ ਖੇਡੇਗਾ। ਭਾਰਤ ਅਤੇ ਸ਼੍ਰੀਲੰਕਾ ਦੀ ਸਹਿ-ਮੇਜ਼ਬਾਨੀ ’ਚ ਹੋਣ ਵਾਲੇ 2026 ਪੁਰਸ਼ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਘਰੇਲੂ ਮੈਦਾਨ ’ਤੇ ਪਾਕਿਸਤਾਨ ਵਿਰੁਧ ਅਹਿਮ ਮੈਚ ਨਹੀਂ ਖੇਡ ਸਕੇਗਾ ਅਤੇ ਇਸ ਦੀ ਬਜਾਏ ਵੱਡੇ ਮੈਚ ਲਈ ਸ਼੍ਰੀਲੰਕਾ ਜਾਵੇਗਾ।
ICC ਦੇ ਇਕ ਅਧਿਕਾਰੀ ਨੇ ਦਸਿਆ, ‘‘ਕੱਲ੍ਹ ਇਕ ਵਰਚੁਅਲ ਮੀਟਿੰਗ ਹੈ ਜਿਸ ’ਚ ICC ਪ੍ਰਧਾਨ ਜੈ ਸ਼ਾਹ ਬ੍ਰਿਸਬੇਨ ਨਾਲ ਜੁੜਨਗੇ। ਇਸ ਤੋਂ ਬਾਅਦ ICC ਵਲੋਂ ਅਧਿਕਾਰਤ ਐਲਾਨ ਕੀਤੇ ਜਾਣ ਦੀ ਉਮੀਦ ਹੈ।’’ ਫਿਲਹਾਲ ਹਾਈਬ੍ਰਿਡ ਮਾਡਲ ਨੂੰ ਮਨਜ਼ੂਰ ਕਰਨ ਲਈ PCB ਨੂੰ ਕੋਈ ਮੁਆਵਜ਼ਾ ਨਹੀਂ ਦਿਤਾ ਜਾਵੇਗਾ। ਭਾਰਤ ਨੇ 2008 ਏਸ਼ੀਆ ਕੱਪ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਪਾਕਿਸਤਾਨ ਹਾਲਾਂਕਿ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਲਈ ਭਾਰਤ ਆਇਆ ਸੀ।