
28 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਹ ਮਹਿਜ਼ 28 ਸਾਲ ਦੇ ਸਨ। ਵੀਰਵਾਰ ਨੂੰ ਵਡੋਦਰਾ 'ਚ ਉਨ੍ਹਾਂ ਦੀ ਮੌਤ ਹੋ ਗਈ। ਜਿੱਥੇ ਉਹ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿੱਚ ਦਾਖ਼ਲ ਰਹੇ। ਸਿਧਾਰਥ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਯਾਨੀ ਅੱਜ ਕੀਤਾ ਜਾਵੇਗਾ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਖਿਡਾਰੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਿਮਾਚਲ ਦੇ ਊਨਾ ਸ਼ਹਿਰ ਦਾ ਰਹਿਣ ਵਾਲਾ ਸਿਧਾਰਥ ਉਸ ਟੀਮ ਦਾ ਹਿੱਸਾ ਸੀ ਜੋ 3 ਤੋਂ 6 ਜਨਵਰੀ ਤੱਕ ਬੜੌਦਾ ਖਿਲਾਫ ਰਣਜੀ ਟਰਾਫੀ ਮੈਚ ਖੇਡਣ ਵਡੋਦਰਾ ਗਏ ਸਨ। ਉਸ ਨੇ 31 ਦਸੰਬਰ ਨੂੰ ਅਭਿਆਸ ਸੈਸ਼ਨ ਦੌਰਾਨ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਖੱਬੇ ਹੱਥ ਦੇ ਸਪਿਨਰ ਮਯੰਕ ਡਾਗਰ ਨੇ ਕਿਹਾ ਕਿ ਸਿਧਾਰਥ ਵੈਂਟੀਲੇਟਰ 'ਤੇ ਸਨ। ਡਾਗਰ ਨੇ ਕਿਹਾ, ''3 ਜਨਵਰੀ ਤੋਂ 6 ਜਨਵਰੀ ਤੱਕ ਅਸੀਂ ਬੜੌਦਾ ਦੇ ਖਿਲਾਫ ਖੇਡੇ, ਪਰ ਮੈਚ ਦੌਰਾਨ ਵੀ ਅਸੀਂ ਸਾਰਿਆਂ ਨੇ ਸਿਧਾਰਥ ਦੀ ਸਿਹਤ 'ਤੇ ਧਿਆਨ ਦਿੱਤਾ। “ਅਸੀਂ ਨਿਯਮਿਤ ਤੌਰ 'ਤੇ ਉਸ ਨੂੰ ਹਸਪਤਾਲ ਵਿਚ ਮਿਲਣ ਜਾਂਦੇ ਸੀ, ਪਰ ਸਾਨੂੰ ਉਸ ਨੂੰ ਬੜੌਦਾ ਵਿਚ ਇਕੱਲਾ ਛੱਡ ਕੇ ਅਗਲੇ ਮੈਚ ਲਈ ਜਾਣਾ ਪਿਆ। ਜਿੱਥੇ ਅਸੀਂ 10 ਤੋਂ 13 ਜਨਵਰੀ ਤੱਕ ਨਾਦੌਨ ਵਿੱਚ ਓਡੀਸ਼ਾ ਦੇ ਖਿਲਾਫ ਖੇਡੇ।
ਇਸ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।
ਮਯੰਕ ਡਾਗਰ ਨੇ ਕਿਹਾ- “ਅਸੀਂ ਸਾਰੇ ਉਨ੍ਹਾਂ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਸਿਧਾਰਥ ਸਾਡੀ ਟੀਮ ਦਾ ਅਹਿਮ ਹਿੱਸਾ ਸਨ ਅਤੇ ਸਾਰਿਆਂ ਨਾਲ ਚੰਗਾ ਕੰਮ ਕਰਦੇ ਸਨ।” ਸਿਧਾਰਥ ਨੇ ਨਵੰਬਰ 2017 ਵਿੱਚ ਬੰਗਾਲ ਦੇ ਖਿਲਾਫ ਰਣਜੀ ਟਰਾਫੀ ਮੈਚ ਵਿੱਚ ਆਪਣਾ ਸੀਨੀਅਰ ਡੈਬਿਊ ਕੀਤਾ ਸੀ। ਉਸ ਨੇ ਛੇ ਪਹਿਲੀ ਸ਼੍ਰੇਣੀ, ਛੇ ਲਿਸਟ ਏ ਅਤੇ ਇੱਕ ਟੀ-20 ਮੈਚ ਖੇਡੇ। ਉਹ ਹਿਮਾਚਲ ਟੀਮ ਦਾ ਹਿੱਸਾ ਸਨ ਜਿਸਨੇ 2021-22 ਦੇ ਸੀਜ਼ਨ ਵਿੱਚ ਵਿਜੇ ਹਜ਼ਾਰੇ ਟਰਾਫੀ ਜਿੱਤੀ, ਤਾਮਿਲਨਾਡੂ ਦੇ ਖਿਲਾਫ ਫਾਈਨਲ ਸਮੇਤ ਆਪਣੇ ਸਾਰੇ ਤਿੰਨ ਮੈਚ ਖੇਡੇ। ਉਸ ਨੇ ਆਪਣੇ 10 ਓਵਰਾਂ 'ਚ 34 ਦੌੜਾਂ ਦੇ ਕੇ 1 ਵਿਕਟ ਲਿਆ।