
ਦਿਲ ਦਾ ਦੌਰਾ ਪੈਣ ਦਾ ਸ਼ੱਕ, ਡਾਕਟਰਾਂ ਨੇ ਮੌਤ ਦਾ ਕਾਰਨ ਕੁਦਰਤੀ ਦਸਿਆ
ਇਸਲਾਮਾਬਾਦ: ਪਾਕਿਸਤਾਨ ਦੀ ਟੈਨਿਸ ਖਿਡਾਰਨ ਕੁੜੀ ਜ਼ੈਨਬ ਅਲੀ ਨਕਵੀ ਦੀ ਆਈ.ਟੀ.ਐਫ. ਜੂਨੀਅਰ ਟੂਰਨਾਮੈਂਟ ਤੋਂ ਪਹਿਲਾਂ ਚਲ ਰਹੇ ਅਭਿਆਸ ਸੈਸ਼ਨ ਤੋਂ ਬਾਅਦ ਕਮਰੇ ’ਚ ਡਿੱਗਣ ਨਾਲ ਮੌਤ ਹੋ ਗਈ। ਉਸ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਹੈ।
17 ਸਾਲਾ ਜ਼ੈਨਬ ਦੀ ਸੋਮਵਾਰ ਦੇਰ ਰਾਤ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਉਸ ਦੇ ਨਾਲ ਉਸ ਦੀ ਦਾਦੀ ਵੀ ਸੀ ਜਿਸ ਨੇ ਜ਼ੈਨਬ ਦੇ ਬੇਹੋਸ਼ ਹੋਣ ਤੋਂ ਬਾਅਦ ਮਦਦ ਮੰਗੀ ਸੀ। ਪਾਕਿਸਤਾਨ ਟੈਨਿਸ ਫੈਡਰੇਸ਼ਨ (ਪੀ.ਟੀ.ਐਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿਉਂਕਿ ਜ਼ੈਨਬ ਮਹਿਲਾ ਸਰਕਟ ਦੀ ਬਹੁਤ ਪ੍ਰਤਿਭਾਸ਼ਾਲੀ ਖਿਡਾਰੀ ਸੀ ਅਤੇ ਆਈ.ਟੀ.ਐਫ. ਜੂਨੀਅਰ ਮੁਕਾਬਲੇ ਜਿੱਤਣ ਲਈ ਸਖਤ ਮਿਹਨਤ ਕਰ ਰਹੀ ਸੀ।
ਮਾਮਲੇ ਦੀ ਜਾਂਚ ਕਰ ਰਹੇ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸਲਾਮਾਬਾਦ ਦੇ ਇਕ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਡਾਕਟਰਾਂ ਨੂੰ ਸ਼ੱਕ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੇ ਇਸ ਨੂੰ ਕੁਦਰਤੀ ਮੌਤ ਦਸਿਆ ਹੈ। ਉਸ ਦੇ ਮਾਪੇ ਵੀ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਸਨ ਅਤੇ ਉਸ ਦੀ ਲਾਸ਼ ਨੂੰ ਕਰਾਚੀ ਵਾਪਸ ਲਿਜਾਣ ਲਈ ਉਨ੍ਹਾਂ ਨੂੰ ਸੌਂਪ ਦਿਤਾ ਗਿਆ ਹੈ।
ਪੀ.ਟੀ.ਐਫ. ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਡਾਕਟਰਾਂ ਨੂੰ ਸ਼ੱਕ ਹੈ ਕਿ ਇਹ ਹਾਈਪਰਟ੍ਰੋਫਿਕ ਕਾਰਡੀਓਮਾਇਓਪੈਥੀ ਦਾ ਮਾਮਲਾ ਹੈ, ਜਿਸ ਵਿਚ ਦਿਲ ਦੀਆਂ ਮਾਸਪੇਸ਼ੀਆਂ ਮੋਟੀਆਂ ਹੋ ਜਾਂਦੀਆਂ ਹਨ।