
ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਜਦੋਂ ਅਸੀਂ 2007 ਅਤੇ 2011 ਵਿਸ਼ਵ ਕੱਪ ਜਿੱਤਣ ਦੀ ਗੱਲ ਕਰਦੇ ਹਾਂ ਤਾਂ ਯੁਵਰਾਜ ਸਿੰਘ ਦਾ ਨਾਂ ਨਹੀਂ ਆਉਂਦਾ
ਨਵੀਂ ਦਿੱਲੀ— ਹਰ ਮੁੱਦੇ 'ਤੇ ਬੇਬਾਕੀ ਨਾਲ ਆਪਣੀ ਰਾਏ ਜ਼ਾਹਰ ਕਰਨ ਵਾਲੇ ਗੌਤਮ ਗੰਭੀਰ ਇਕ ਵਾਰ ਫਿਰ ਸੁਰਖੀਆਂ 'ਚ ਹਨ। ਗੌਤਮ ਗੰਭੀਰ ਨੇ ਭਾਰਤੀ ਕ੍ਰਿਕਟਰਾਂ ਦੀ ਜੀਵਨ ਤੋਂ ਵੱਡੀ ਤਸਵੀਰ 'ਤੇ ਇਤਰਾਜ਼ ਜਤਾਇਆ ਹੈ। ਗੰਭੀਰ ਦਾ ਮੰਨਣਾ ਹੈ ਕਿ ਭਾਰਤ 'ਚ ਕ੍ਰਿਕਟਰਾਂ ਨੂੰ ਟੀਮ ਤੋਂ ਵੱਡਾ ਬਣਾਇਆ ਜਾਂਦਾ ਹੈ। ਬਾਅਦ ਵਿਚ ਉਨ੍ਹਾਂ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ, ਜੋ ਕਿ ਸਰਾਸਰ ਗਲਤ ਹੈ।
ਗੰਭੀਰ ਦੀ ਮੰਨੀਏ ਤਾਂ ਵਿਰਾਟ ਕੋਹਲੀ ਅਤੇ ਐਮਐਮ ਧੋਨੀ ਵਰਗੇ ਖਿਡਾਰੀਆਂ ਨੂੰ ਬਰਾਡਕਾਸਟਰਾਂ ਅਤੇ ਮੀਡੀਆ ਨੇ ਹੀਰੋ ਬਣਾ ਦਿਤਾ ਹੈ ਜਦੋਂਕਿ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਧਿਆਨ ਨਹੀਂ ਗਿਆ ਹੈ। ਯਾਨੀ ਨਾਂ ਹੀ ਨਹੀਂ, ਕੰਮ ਨੂੰ ਵੀ ਦੇਖਣਾ ਚਾਹੀਦਾ ਹੈ। ਗੌਤਮ ਗੰਭੀਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਬਿਨਾਂ ਉਨ੍ਹਾਂ ਦਾ ਨਾਂ ਲਏ ਮਹਿੰਦਰ ਸਿੰਘ ਧੋਨੀ 'ਤੇ ਵੱਡਾ ਦੋਸ਼ ਲਗਾਇਆ।
ਗੌਤਮ ਗੰਭੀਰ ਨੇ ਕਿਹਾ ਕਿ ਇਕ ਵਿਅਕਤੀ ਦੀ ਪੀਆਰ ਟੀਮ ਨੇ ਉਸ ਨੂੰ 2007 ਅਤੇ 2011 ਵਿਸ਼ਵ ਕੱਪ ਜਿੱਤਾਂ ਦਾ ਹੀਰੋ ਬਣਾਇਆ। ਜਦਕਿ ਸੱਚਾਈ ਇਹ ਹੈ ਕਿ ਇਹ ਦੋਵੇਂ ਵਿਸ਼ਵ ਕੱਪ ਯੁਵਰਾਜ ਸਿੰਘ ਨੇ ਜਿੱਤੇ ਸਨ। ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਜਦੋਂ ਅਸੀਂ 2007 ਅਤੇ 2011 ਵਿਸ਼ਵ ਕੱਪ ਜਿੱਤਣ ਦੀ ਗੱਲ ਕਰਦੇ ਹਾਂ ਤਾਂ ਯੁਵਰਾਜ ਸਿੰਘ ਦਾ ਨਾਂ ਨਹੀਂ ਆਉਂਦਾ। ਇਹ ਸਿਰਫ਼ ਮਾਰਕੀਟਿੰਗ ਅਤੇ ਪੀਆਰ ਟੀਮ ਦਾ ਇੱਕ ਕੰਮ ਹੈ ਜੋ ਇੱਕ ਖਿਡਾਰੀ ਨੂੰ ਸਭ ਤੋਂ ਵੱਡਾ ਅਤੇ ਦੂਜਿਆਂ ਨੂੰ ਸਭ ਤੋਂ ਛੋਟਾ ਬਣਾਉਂਦਾ ਹੈ।
ਗੌਤਮ ਗੰਭੀਰ ਇੱਥੇ ਹੀ ਨਹੀਂ ਰੁਕੇ, ਉਹ ਅੱਗੇ ਕਹਿੰਦੇ ਹਨ ਕਿ ਕੋਈ ਵੀ ਅੰਡਰਰੇਟਿਡ ਨਹੀਂ ਹੁੰਦਾ, ਪਰ ਇਹ ਪੀਆਰ ਅਤੇ ਮਾਰਕੀਟਿੰਗ ਵਾਲੇ ਲੋਕ ਬੋਲ ਕੇ ਉਸ ਨੂੰ ਅੰਡਰਰੇਟ ਕਰ ਦਿੰਦੇ ਹਨ। ਕੋਈ ਵੀ ਟੀਮ ਸਿਰਫ਼ ਇੱਕ ਖਿਡਾਰੀ ਦੇ ਆਧਾਰ 'ਤੇ ਪੂਰਾ ਟੂਰਨਾਮੈਂਟ ਨਹੀਂ ਜਿੱਤ ਸਕਦੀ। ਜੇਕਰ ਅਜਿਹਾ ਹੁੰਦਾ ਤਾਂ ਭਾਰਤ 5-10 ਵਿਸ਼ਵ ਕੱਪ ਜਿੱਤ ਚੁੱਕਾ ਹੁੰਦਾ। ਇਹ ਇੱਕ ਟੀਮ ਗੇਮ ਹੈ ਅਤੇ ਇੱਕ ਸਮੂਹਿਕ ਕੋਸ਼ਿਸ਼ ਹੈ। ਜਿਸ ਖਿਡਾਰੀ ਦਾ ਨਾਂ ਮੀਡੀਆ ਵਾਰ-ਵਾਰ ਦੁਹਰਾਉਂਦਾ ਹੈ, ਉਹ ਹੀਰੋ ਬਣ ਜਾਂਦਾ ਹੈ।
ਆਪਣੀ ਗੱਲ ਰੱਖਦੇ ਹੋਏ ਗੌਤਮ ਗੰਭੀਰ ਨੇ 2023 ਤੋਂ 1983 ਤੱਕ ਜਾ ਕੇ ਪਹਿਲੀ ਵਿਸ਼ਵ ਜੇਤੂ ਟੀਮ ਦਾ ਜ਼ਿਕਰ ਕੀਤਾ। ਗੰਭੀਰ ਨੇ ਕਿਹਾ ਕਿ ਖਿਡਾਰੀ ਨੂੰ ਟੀਮ ਤੋਂ ਉੱਪਰ ਰੱਖਣ ਦੀ ਸ਼ੁਰੂਆਤ 1983 ਤੋਂ ਹੀ ਹੋ ਗਈ ਸੀ। ਹਰ ਕੋਈ ਕਪਿਲ ਦੇਵ ਦੀ ਗੱਲ ਕਰਦਾ ਹੈ। ਪਰ ਮਹਿੰਦਰ ਅਮਰਨਾਥ ਨੂੰ ਕਿੰਨੇ ਲੋਕ ਯਾਦ ਕਰਦੇ ਹਨ। ਹਰ ਵਾਰ ਮੀਡੀਆ 'ਚ ਵਿਸ਼ਵ ਕੱਪ ਟਰਾਫੀ ਦੇ ਨਾਲ ਕਪਿਲ ਪਾਜੀ ਦੀ ਹੀ ਫੋਟੋ ਹੁੰਦੀ ਹੈ। ਉਸ ਵਿਸ਼ਵ ਕੱਪ ਵਿਚ ਮਹਿੰਦਰ ਅਮਰਨਾਥ ਦਾ ਪ੍ਰਦਰਸ਼ਨ ਕਿਹੋ ਜਿਹਾ ਰਿਹਾ? ਉਹ ਫਾਈਨਲ ਵਿਚ ਮੈਨ ਆਫ਼ ਦਾ ਮੈਚ ਰਹੇ। ਕਈ ਵਾਰ ਵਿਸ਼ਵ ਕੱਪ ਟਰਾਫੀ ਦੇ ਨਾਲ ਉਸ ਦੀ ਫੋਟੋ ਵੀ ਮੀਡੀਆ ਵਿਚ ਦਿਖਾਈ ਜਾਵੇ।