
ਮਾਨ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਕੀਤੀ ਸ਼ਲਾਘਾ
ਕਿਹਾ- MBBS ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਟੀਮ ਨਾਲ ਕਲੀਨਿਕਾਂ ਨੂੰ ਬਿਹਤਰ ਢੰਗ ਨਾਲ ਚਲਾਇਆ ਜਾ ਰਿਹਾ ਹੈ
ਚੰਡੀਗੜ੍ਹ : ਭਾਰਤ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਕਈ ਪਹਿਲਕਦਮੀਆਂ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ। ਭਾਰਤ ਸਰਕਾਰ ਨਿਯਮਤ ਤੌਰ ’ਤੇ ਵੱਖ-ਵੱਖ ਵਿਧੀਆਂ ਰਾਹੀਂ ਸੂਬਿਆਂ ਵਿਚ ਐਨ.ਐਚ.ਐਮ. ਦੀ ਪ੍ਰਗਤੀ ਦੀ ਨਿਗਰਾਨੀ ਕਰਦੀ ਹੈ। ਸੱਭ ਤੋਂ ਮਹੱਤਵਪੂਰਨ ਵਿਧੀ ਹੈ ਕਾਮਨ ਰਿਵਿਊ ਮਿਸ਼ਨ (ਸੀ.ਆਰ.ਐਮ.) ਜੋ ਹਰ ਸਾਲ ਕੀਤੀ ਜਾਂਦੀ ਹੈ। ਸੀਆਰਐਮ ਦੇ ਤਹਿਤ ਸਰਕਾਰੀ ਅਧਿਕਾਰੀਆਂ, ਜਨ ਸਿਹਤ ਮਾਹਰਾਂ, ਵਿਕਾਸ ਭਾਈਵਾਲਾਂ ਦੇ ਪ੍ਰਤੀਨਿਧਾਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੀ ਇਕ ਟੀਮ ਵੱਖ-ਵੱਖ ਰਾਜਾਂ ਵਿਚ ਖੇਤਰੀ ਦੌਰਾ ਕਰਦੀ ਹੈ।
ਸੀ.ਆਰ.ਐਮ. ਦਾ ਉਦੇਸ਼ ਲੋਕਾਂ ਦੇ ਨਜ਼ਰੀਏ ਤੋਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਮੁਲਾਂਕਣ ਕਰਨਾ ਹੈ। ਡਿਪਟੀ ਡਾਇਰੈਕਟਰ ਜਨਰਲ, ਆਯੂਸ਼, ਸਿਹਤ ਤੇ ਪਰਵਾਰ ਕਲਿਆਣ ਮੰਤਰਾਲਾ ਡਾ. ਏ. ਰਘੂ ਦੀ ਅਗਵਾਈ ਹੇਠ 16 ਮੈਂਬਰੀ 15ਵੀਂ ਕਾਮਨ ਰੀਵਿਊ ਮਿਸ਼ਨ ਟੀਮ ਨੇ 4 ਤੋਂ 11 ਨਵੰਬਰ ਤਕ ਰਾਜ ਦਾ ਦੌਰਾ ਕੀਤਾ ਜਿਸ ਦੌਰਾਨ ਇਸ ਨੇ ਫ਼ਿਰੋਜ਼ਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦਾ ਦੌਰਾ ਕੀਤਾ।
ਸੂਬਾ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ’ਤੇ ਪੂਰੀ ਤਸੱਲੀ ਜ਼ਾਹਰ ਕਰਦਿਆਂ ਟੀਮ ਨੇ ਸੂਬੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਰਾਜ ਵਿਚ ਵੱਧ ਤੋਂ ਵੱਧ ਸੰਸਥਾਗਤ ਜਣੇਪੇ ਹੋ ਰਹੇ ਹਨ ਅਤੇ ਗਰਭਵਤੀ ਔਰਤਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਵਿਚ ਮਿਆਰੀ ਖ਼ੁਰਾਕ ਮੁਹਈਆ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਔਰਤਾਂ ਨੂੰ ਡੀਬੀਟੀ ਰਾਹੀਂ ਜੀ.ਐਸ.ਵਾਈ. ਦੀ ਅਦਾਇਗੀ ਕੀਤੀ ਗਈ ਹੈ।
ਇਸੇ ਤਰ੍ਹਾਂ ਜ਼ਿਆਦਾਤਰ ਸਿਹਤ ਸੰਸਥਾਵਾਂ ਵਿਚ ਪ੍ਰਵਾਰ ਯੋਜਨਾਬੰਦੀ ਸਬੰਧੀ ਸਹੂਲਤਾਂ ਵੀ ਉਪਲਬਧ ਹਨ। ਜ਼ਿਲ੍ਹਾ ਹਸਪਤਾਲਾਂ ਵਿਚ ਫੈਮਲੀ ਪਾਰਟੀਸਿਪੇਟਰੀ ਕੇਅਰ ਦਾ ਅਭਿਆਸ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਹਸਪਤਾਲਾਂ ਵਿਚ ਬ੍ਰੈਸਟ ਫੀਡਿੰਗ ਕਾਰਨਰ ਸਥਾਪਤ ਕੀਤੇ ਗਏ ਹਨ। ਏ.ਡਬਲਿਊ.ਸੀਜ਼ ਅਤੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਆਰ.ਬੀ.ਐਸ.ਕੇ. ਸਕਰੀਨਿੰਗ ਕਰਵਾਈ ਜਾ ਰਹੀ ਹੈ ਅਤੇ ਬੱਚਿਆਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਆਮ ਆਦਮੀ ਕਲੀਨਿਕਾਂ ਵਿਚ ਵੱਖ-ਵੱਖ ਲੈਬ ਟੈਸਟ ਅਤੇ ਦਵਾਈਆਂ ਮੁਫ਼ਤ ਉਪਲਭਦ ਹਨ। ਬਿਹਤਰ ਕਮਿਊਨਿਟੀ ਅਵੇਅਰਨੈਸ ਦੇ ਨਾਲ 108 ਐਂਬੂਲੈਂਸ ਸੇਵਾ ਦੀ ਵਰਤੋਂ ਕੀਤੀ ਜਾ ਰਹੀ ਹੈ। ਝੁੱਗੀ-ਝੌਂਪੜੀ, ਦੂਰ-ਦੁਰਾਡੇ ਅਤੇ ਸੰਵੇਦਨਸ਼ੀਲ ਖੇਤਰਾਂ ਤਕ ਪਹੁੰਚ ਲਈ ਐਮ.ਐਮ.ਯੂਜ਼ ਕਾਰਜਸ਼ੀਲ ਹਨ। ਇਸ ਦੌਰਾਨ ਸਕੱਤਰ ਸਿਹਤ ਪੰਜਾਬ ਅਜੋਏ ਸ਼ਰਮਾ ਅਤੇ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਡਾ. ਅਭਿਨਵ ਤ੍ਰਿਖਾ ਵਲੋਂ ਟੀਮ ਦੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।