
ਕਿਹਾ- ਫ਼ੀਫ਼ਾ ਵਿਸ਼ਵ ਕੱਪ 2022 ਦਾ ਫ਼ਾਈਨਲ ਮੈਚ ਅਰਜਨਟੀਨਾ ਲਈ ਮੇਰਾ ਆਖ਼ਰੀ ਮੈਚ ਹੋਵੇਗਾ
ਨਵੀਂ ਦਿੱਲੀ: ਸੈਮੀਫਾਈਨਲ 'ਚ ਕ੍ਰੋਏਸ਼ੀਆ ਖ਼ਿਲਾਫ਼ ਜਿੱਤ ਦੀ ਨੀਂਹ ਰੱਖਣ ਵਾਲੇ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਅਰਜਨਟੀਨਾ ਦੇ ਕਪਤਾਨ ਮੈਸੀ ਨੇ ਕਿਹਾ ਕਿ ਫ਼ੀਫ਼ਾ ਵਿਸ਼ਵ ਕੱਪ 2022 ਦਾ ਫ਼ਾਈਨਲ ਮੈਚ ਅਰਜਨਟੀਨਾ ਲਈ ਉਸ ਦਾ ਆਖ਼ਰੀ ਮੈਚ ਹੋਵੇਗਾ।
ਮੈਸੀ ਨੇ ਅਰਜਨਟੀਨਾ ਦੇ ਮੀਡੀਆ ਆਉਟਲੇਟ ਡਾਇਰੀਓ ਡਿਪੋਰਟੀਵੋ ਓਲੇ ਨੂੰ ਕਿਹਾ, ''ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ, ਫ਼ਾਈਨਲ 'ਚ ਆਪਣਾ ਆਖ਼ਰੀ ਮੈਚ ਖੇਡ ਕੇ ਵਿਸ਼ਵ ਕੱਪ ਦੇ ਆਪਣੇ ਸਫ਼ਰ ਦਾ ਅੰਤ ਕਰ ਰਿਹਾ ਹਾਂ।'' ਉਨ੍ਹਾਂ ਅੱਗੇ ਕਿਹਾ ਕਿ ਅਗਲੇ ਵਿਸ਼ਵ ਕੱਪ ਹੋਣ ਵਿਚ ਕਈ ਸਾਲ ਪਏ ਹਨ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਅਜਿਹਾ ਦੁਬਾਰਾ ਕਰ ਸਕਾਂਗਾ। ਆਪਣੇ ਖੇਡ ਸਫ਼ਰ ਨੂੰ ਇਸ ਤਰ੍ਹਾਂ ਖਤਮ ਕਰਨਾ ਸਭ ਤੋਂ ਵਧੀਆ ਹੈ। 35 ਸਾਲਾ ਮੇਸੀ ਦਾ ਇਹ 5ਵਾਂ ਵਿਸ਼ਵ ਕੱਪ ਹੈ ਅਤੇ ਇਸ ਮਾਮਲੇ 'ਚ ਉਨ੍ਹਾਂ ਨੇ ਆਪਣੇ ਹਮਵਤਨ ਡਿਏਗੋ ਮਾਰਾਡੋਨਾ ਅਤੇ ਜੇਵੀਅਰ ਮਾਸਚੇਰਾਨੋ ਦੇ ਚਾਰ ਵਿਸ਼ਵ ਕੱਪ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਕ੍ਰੋਏਸ਼ੀਆ ਖ਼ਿਲਾਫ਼ ਪਹਿਲੇ ਸੈਮੀਫ਼ਾਈਨਲ ਮੈਚ 'ਚ ਉਸ ਨੇ ਪੈਨਲਟੀ ਨੂੰ ਗੋਲ 'ਚ ਬਦਲ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਵਿਸ਼ਵ ਕੱਪ ਵਿੱਚ ਇਹ ਮੈਸੀ ਦਾ 5ਵਾਂ ਗੋਲ ਸੀ ਅਤੇ ਹੁਣ ਉਸ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿੱਚ ਫਰਾਂਸ ਦੇ ਕਾਇਲੀਅਨ ਐਮਬਾਪੇ ਦੀ ਬਰਾਬਰੀ ਕਰ ਲਈ ਹੈ। ਕੁੱਲ ਮਿਲਾ ਕੇ ਵਿਸ਼ਵ ਕੱਪ 'ਚ ਇਹ ਮੈਸੀ ਦਾ 11ਵਾਂ ਗੋਲ ਸੀ ਅਤੇ ਇਸ ਮਾਮਲੇ 'ਚ ਉਸ ਨੇ ਗੈਬਰੀਅਲ ਬੈਟਿਸਟੁਟਾ ਦੀ ਬਰਾਬਰੀ ਕਰ ਲਈ ਹੈ। ਇਸ ਤੋਂ ਇਲਾਵਾ ਉਹ ਵਿਸ਼ਵ ਕੱਪ 'ਚ 5 ਗੋਲ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਵੀ ਬਣ ਗਏ ਹਨ।
ਅਰਜਨਟੀਨਾ ਦੀ ਟੀਮ ਫ਼ੀਫ਼ਾ ਵਿਸ਼ਵ ਕੱਪ 'ਚ ਛੇਵੀਂ ਵਾਰ ਫ਼ਾਈਨਲ 'ਚ ਪਹੁੰਚੀ ਹੈ ਅਤੇ ਇਸ ਵਾਰ 18 ਦਸੰਬਰ ਨੂੰ ਟੀਮ ਦਾ ਸਾਹਮਣਾ ਮੋਰੱਕੋ ਅਤੇ ਮੌਜੂਦਾ ਚੈਂਪੀਅਨ ਫਰਾਂਸ ਵਿਚਾਲੇ ਹੋਣ ਵਾਲੇ ਦੂਜੇ ਸੈਮੀਫ਼ਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ।
ਮੈਸੀ ਨੇ ਆਪਣੇ ਰਿਕਾਰਡ ਬਾਰੇ ਕਿਹਾ ਕਿ ਇਹ ਸਭ ਠੀਕ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਟੀਮ ਦੇ ਤੌਰ 'ਤੇ ਕੀ ਹਾਸਲ ਕਰਨਾ ਚਾਹੁੰਦੇ ਹਾਂ। ਅਸੀਂ ਇੱਥੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਅਸੀਂ ਸਿਰਫ਼ ਇੱਕ ਕਦਮ ਦੂਰ ਹਾਂ। ਅਸੀਂ ਇਸ ਵਾਰ ਟ੍ਰਾਫ਼ੀ ਜਿੱਤਣ ਲਈ ਆਪਣਾ ਵਧੀਆ ਪ੍ਰਦਰਸ਼ਨ ਕਰਨ ਜਾ ਰਹੇ ਹਾਂ।
ਮੈਸੀ ਦੇ ਇਸ ਐਲਾਨ ਨੇ ਸਾਬਤ ਕਰ ਦਿੱਤਾ ਹੈ ਕਿ ਵਿਸ਼ਵ ਕੱਪ ਜਿੱਤਣ ਦਾ ਇਹ ਉਸ ਲਈ ਆਖ਼ਰੀ ਮੌਕਾ ਹੈ। ਟੀਮ ਆਖ਼ਰੀ ਵਾਰ 2014 'ਚ ਫ਼ਾਈਨਲ 'ਚ ਪਹੁੰਚੀ ਸੀ, ਜਦੋਂ ਉਸ ਨੂੰ ਜਰਮਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਰਜਨਟੀਨਾ ਨੇ ਆਪਣਾ ਆਖ਼ਰੀ ਵਿਸ਼ਵ ਕੱਪ 1986 ਵਿੱਚ ਜਿੱਤਿਆ ਸੀ।