ਪਾਕਿਸਤਾਨ 41.2 ਓਵਰਾਂ 'ਚ 150 ਦੌੜਾਂ ‘ਤੇ ਆਲ ਆਊਟ
ਦੁਬਈ: ਅੰਡਰ-19 ਏਸ਼ੀਆ ਕੱਪ 2025 ‘ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾ ਦਿੱਤਾ। ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਗਰੁੱਪ ਪੜਾਅ ਦੇ ਮੈਚ ਵਿੱਚ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪਾਕਿਸਤਾਨ ਦੀ ਟੀਮ 41.2 ਓਵਰਾਂ ਵਿੱਚ 150 ਦੌੜਾਂ ‘ਤੇ ਆਲ ਆਊਟ ਹੋ ਗਈ। ਪਾਕਿਸਤਾਨ ਲਈ ਹੁਜ਼ੈਫਾ ਅਹਿਸਾਨ ਨੇ ਸਭ ਤੋਂ ਵੱਧ 70 ਦੌੜਾਂ ਬਣਾਈਆਂ।
ਭਾਰਤ ਲਈ ਦੀਪੇਸ਼ ਦੇਵੇਂਦਰਨ ਅਤੇ ਕਨਿਸ਼ਕ ਚੌਹਾਨ ਨੇ 3-3 ਵਿਕਟਾਂ ਲਈਆਂ। ਕਿਸ਼ਨ ਸਿੰਘ ਨੇ 2 ਵਿਕਟਾਂ ਲਈਆਂ, ਜਦੋਂ ਕਿ ਵੈਭਵ ਸੂਰਿਆਵੰਸ਼ੀ ਅਤੇ ਖਿਲਨ ਪਟੇਲ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੀਂਹ ਕਾਰਨ, ਮੈਚ ਨੂੰ 49-49 ਓਵਰਾਂ ਦਾ ਕਰ ਦਿੱਤਾ ਗਿਆ। ਐਰੋਨ ਜਾਰਜ ਦੀ 85 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ 240 ਦੌੜਾਂ ਬਣਾਈਆਂ। ਕਨਿਸ਼ਕ ਚੌਹਾਨ ਨੇ 46 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਕਪਤਾਨ ਆਯੂਸ਼ ਮਹਾਤਰੇ ਨੇ 38 ਦੌੜਾਂ ਬਣਾਈਆਂ। ਵੈਭਵ ਸੂਰਿਆਵੰਸ਼ੀ ਸਿਰਫ਼ 5 ਦੌੜਾਂ ਹੀ ਬਣਾ ਸਕੇ।
ਭਾਰਤੀ ਟੀਮ ਨੇ ਪਾਕਿਸਤਾਨ ਵਿਰੁਧ ‘ਹੱਥ ਨਾ ਮਿਲਾਉਣ’ ਦੀ ਨੀਤੀ ਬਰਕਰਾਰ ਰੱਖੀ
ਦੁਬਈ : ਭਾਰਤ ਨੇ ਅੰਡਰ-19 ਏਸ਼ੀਆ ਕੱਪ ਦੇ ਮੈਚ ’ਚ ਪਾਕਿਸਤਾਨ ਵਿਰੁਧ ‘ਹੱਥ ਨਾ ਮਿਲਾਉਣ’ ਦੀ ਨੀਤੀ ਬਣਾਈ ਰੱਖੀ ਹੈ। ਭਾਰਤੀ ਕਪਤਾਨ ਆਯੂਸ਼ ਮਹਾਤਰੇ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਫਰਹਾਨ ਯੂਸਫ ਨੇ ਇੱਥੇ ਆਈ.ਸੀ.ਸੀ. ਅਕੈਡਮੀ ਦੇ ਮੈਦਾਨ ਵਿਚ ਟਾਸ ਦੌਰਾਨ ਇਕ-ਦੂਜੇ ਨੂੰ ਨਜ਼ਰਅੰਦਾਜ਼ ਕੀਤਾ। ਭਾਰਤੀ ਖਿਡਾਰੀਆਂ ਨੇ ਅੰਪਾਇਰਾਂ ਨਾਲ ਹੱਥ ਮਿਲਾਇਆ ਅਤੇ ਫਿਰ ਮੈਦਾਨ ਤੋਂ ਬਾਹਰ ਚਲੇ ਗਏ।
