
ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 390 ਦੌੜਾਂ ਬਣਾਈਆਂ
ਮੁੰਬਈ - ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਤਿਰੂਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 50 ਓਵਰਾਂ 'ਚ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 390 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤ ਲਈ 391 ਦੌੜਾਂ ਦਾ ਟੀਚਾ ਦਿੱਤਾ।
India vs Sri Lanka 3rd ODI
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਰੋਹਿਤ ਸ਼ਰਮਾ 42 ਦੌੜਾਂ ਦੇ ਨਿੱਜੀ ਸਕੋਰ 'ਤੇ ਕਰੁਣਾਰਤਨੇ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 116 ਦੌੜਾਂ ਦੇ ਨਿੱਜੀ ਸਕੋਰ 'ਤੇ ਰਜੀਥਾ ਵਲੋਂ ਆਊਟ ਹੋਇਆ। ਸ਼ੁਭਮਨ ਨੇ ਆਪਣੀ ਪਾਰੀ ਦੌਰਾਨ 14 ਚੌਕੇ ਤੇ 2 ਛੱਕੇ ਲਾਏ। ਭਾਰਤ ਦੀ ਤੀਜੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗੀ। ਭਾਰਤ ਦੀ ਚੌਥੀ ਵਿਕਟ ਕੇ. ਐੱਲ. ਰਾਹੁਲ ਦੇ ਤੌਰ 'ਤੇ ਡਿੱਗੀ। ਰਾਹੁਲ 7 ਦੌੜਾਂ ਦੇ ਨਿੱਜੀ ਸਕੋਰ 'ਤੇ ਲਾਹਿਰੂ ਕੁਮਾਰਾ ਦਾ ਸ਼ਿਕਾਰ ਬਣਿਆ।
ਅਈਅਰ 38 ਦੌੜਾਂ ਬਣਾ ਲਾਹਿਰੂ ਕੁਮਾਰਾ ਵਲੋਂ ਆਊਟ ਹੋਇਆ। ਕੋਹਲੀ ਨੇ ਅਜੇਤੂ ਰਹਿੰਦੇ ਹੋਏ 166 ਦੌੜਾਂ ਦੀ ਪਾਰੀ ਦੇ ਦੌਰਾਨ 13 ਚੌਕੇ ਤੇ 8 ਛੱਕੇ ਲਾਏ। ਸ਼੍ਰੀਲੰਕਾ ਵਲੋਂ ਕਾਸੁਨ ਰਜੀਥਾ ਨੇ 2, ਲਾਹਿਰੂ ਕੁਮਾਰਾ ਨੇ 2 ਤੇ ਚਮਿਕਾ ਕਰੁਣਾਰਤਨੇ ਨੇ 1 ਵਿਕਟ ਲਈ। ਭਾਰਤ ਨੇ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ ਜਿੱਤ ਲਈ ਹੈ ਅਤੇ ਅਜਿਹੇ 'ਚ ਟੀਮ ਇੰਡੀਆ ਦਾ ਟੀਚਾ ਸ਼੍ਰੀਲੰਕਾ ਨੂੰ ਕਲੀਨ ਸਵੀਪ ਕਰਨਾ ਹੋਵੇਗਾ। ਸ਼੍ਰੀਲੰਕਾ 'ਤੇ ਇਹ ਮੈਚ ਜਿੱਤਣ ਦਾ ਦਬਾਅ ਹੋਵੇਗਾ।