
66 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਇਸਲਾਮਾਬਾਦ: ਪਾਕਿਸਤਾਨ ਦੇ ਬਿਹਤਰੀਨ ਅੰਪਾਇਰਾਂ 'ਚੋਂ ਇਕ ਰਹੇ ਅਸਦ ਰਾਊਫ ਦੀ ਬੁੱਧਵਾਰ ਨੂੰ ਲਾਹੌਰ 'ਚ ਮੌਤ ਹੋ ਗਈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੇ ਕੁਲੀਨ ਪੈਨਲ ਵਿੱਚ ਸ਼ਾਮਲ ਅਸਦ ਰਾਊਫ 66 ਸਾਲ ਦੇ ਸਨ। ਅਸਦ ਰਾਊਫ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਅਸਦ ਰਾਊਫ ਨੇ ਆਪਣੇ 13 ਸਾਲਾਂ ਦੇ ਕਰੀਅਰ ਵਿੱਚ 49 ਟੈਸਟ, 98 ਵਨਡੇ ਅਤੇ 23 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਅੰਪਾਇਰਿੰਗ ਕੀਤੀ। ਉਹਨਾਂ 'ਤੇ 2013 ਦੇ ਆਈਪੀਐੱਲ ਸੀਜ਼ਨ 'ਚ ਸਪਾਟ ਫਿਕਸਿੰਗ ਦਾ ਦੋਸ਼ ਲੱਗਾ ਸੀ। ਫਿਰ 2016 'ਚ BCCI ਨੇ ਅਸਦ ਰਾਊਫ 'ਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਸੀ।
ਬੈਨ ਤੋਂ ਬਾਅਦ ਅਸਦ ਰਾਊਫ ਦੀ ਜ਼ਿੰਦਗੀ ਕਾਫੀ ਬਦਲ ਗਈ ਸੀ। ਉਹ ਲਾਹੌਰ ਦੇ ਇੱਕ ਬਾਜ਼ਾਰ ਵਿੱਚ ਜੁੱਤੀਆਂ-ਕੱਪੜਿਆਂ ਦੀ ਦੁਕਾਨ ਚਲਾਉਂਦੇ ਸਨ। ਅਸਦ ਦੀ ਮੌਤ ਦੀ ਸੂਚਨਾ ਉਨ੍ਹਾਂ ਦੇ ਭਰਾ ਤਾਹਿਰ ਰਊਫ ਨੇ ਦਿੱਤੀ। ਤਾਹਿਰ ਨੇ ਦੱਸਿਆ ਕਿ ਅਸਦ ਬੁੱਧਵਾਰ ਨੂੰ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ ਤਾਂ ਉਸ ਦੀ ਛਾਤੀ 'ਚ ਦਰਦ ਮਹਿਸੂਸ ਹੋਇਆ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਰਮੀਜ਼ ਰਾਜਾ ਨੇ ਟਵੀਟ ਕੀਤਾ, ''ਅਸਦ ਰਾਊਫ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਨਾ ਸਿਰਫ਼ ਇੱਕ ਚੰਗਾ ਅੰਪਾਇਰ ਸੀ, ਸਗੋਂ ਇਕ ਹਸਮੁੱਖ ਇਨਸਾਨ ਸੀ। ਉਸ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ।